ਹਰਿਆਣਾ, 2 ਦਸੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਹਿਸਾਰ ‘ਚ ਬਦਮਾਸ਼ਾਂ ਨੇ ਸ਼ਰਾਬ ਦੇ ਠੇਕੇਦਾਰ ਵਿਕਾਸ ਕੇਸੀ ਨੂੰ 15 ਗੋਲੀਆਂ ਮਾਰ ਕੇ ਮਰਡਰ ਕਰ ਦਿੱਤਾ। ਉਹ 2 ਭੈਣਾਂ ਦਾ ਇਕਲੌਤਾ ਭਰਾ ਸੀ। ਇਸ ਗੋਲੀਬਾਰੀ ‘ਚ ਮ੍ਰਿਤਕ ਦੇ 2 ਸਾਥੀ ਵੀ ਗੰਭੀਰ ਜ਼ਖ਼ਮੀ ਹੋ ਗਏ। ਜਦੋਂ ਇਹ ਘਟਨਾ ਵਾਪਰੀ ਤਾਂ ਤਿੰਨੋਂ ਕਾਰ ਰਾਹੀਂ ਘਰ ਪਰਤ ਰਹੇ ਸਨ।
ਕਤਲ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ, ਜਿਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ। ਘਟਨਾ ਪਿੱਛੇ ਪੁਰਾਣੀ ਰੰਜਿਸ਼ ਦਾ ਕਾਰਨ ਦੱਸਿਆ ਜਾ ਰਿਹਾ ਹੈ। ਠੇਕੇਦਾਰ ਵਿਕਾਸ ਦੇ ਪਿਤਾ ਦੀ ਵੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ।
ਦੇਰ ਰਾਤ ਸ਼ਰਾਬ ਠੇਕੇਦਾਰ ਹਿਸਾਰ ਵਿਚ ਆਪਣੇ ਸਾਥੀਆਂ ਸੋਨੂੰ ਉਰਫ਼ ਮੁਲਾਦ ਅਤੇ ਅਜੈ ਨਾਲ ਕਾਰ ਵਿਚ ਸਵਾਰ ਹੋ ਕੇ ਘਰ ਪਰਤ ਰਿਹਾ ਸੀ। ਇਸ ਦੌਰਾਨ ਰਸਤੇ ‘ਚ 2 ਬਾਈਕ ਅਤੇ ਇਕ ਕਾਰ ‘ਤੇ ਸਵਾਰ ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰ ਲਿਆ।
ਹਮਲਾਵਰਾਂ ਵਿਚ ਸੱਤਿਆਦੀਪ ਉਰਫ਼ ਮਿਸ਼ਰਾ, ਸਾਗਰ ਉਰਫ਼ ਬਚੀ, ਕਾਲਾ ਖੈਰਾਮਪੁਰੀਆ, ਆਸ਼ੀਸ਼ ਉਰਫ਼ ਲਾਲੂ, ਸੰਨੀ ਅਤੇ ਪਿੰਡ ਦੇ ਕੁਝ ਲੜਕੇ ਸ਼ਾਮਲ ਸਨ। ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਵਿਕਾਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂਕਿ ਸੋਨੂੰ ਦੀ ਪਿੱਠ ਵਿਚ 2 ਗੋਲੀਆਂ ਲੱਗੀਆਂ। ਅਜੈ ਦੇ ਹੱਥ ਵਿਚ ਗੋਲੀ ਲੱਗੀ, ਜਿਸ ਕਾਰਨ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਸੋਨੂੰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਹਮਲਾਵਰ ਉਥੋਂ ਫਰਾਰ ਹੋ ਗਏ।