ਚੰਡੀਗੜ੍ਹ | ਸਿੱਧੂ ਮੂਸੇਵਾਲਾ ਕਤਲ ਮਾਮਲੇ ਉਤੇ ਪਹਿਲੀ ਵਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ ਹਨ। ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇਹ ਕਬੂਲਿਆ ਹੈ ਕਿ ਉਹ ਵਿੱਕੀ ਮਿੱਡੂਖੇੜਾ ਦੇ ਕਤਲ ਨੂੰ ਲੈ ਕੇ ਕਾਫੀ ਨਰਾਜ਼ ਸੀ। ਉਹ ਸਿੱਧੂ ਮੂਸੇਵਾਲਾ ਨੂੰ ਨਫਰਤ ਕਰਨ ਲੱਗਾ ਸੀ।
ਲਾਰੈਂਸ ਨੇ ਇਹ ਵੀ ਕਬੂਲਿਆ ਕਿ ਉਸਨੂੰ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਪੂਰੀ ਜਾਣਕਾਰੀ ਸੀ ਪਰ ਉਸਦਾ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਪਲਾਨਿੰਗ ਵਿਚ ਕੋਈ ਹੱਥ ਨਹੀਂ ਸੀ। ਇਸ ਸਭ ਕੁਝ ਦੀ ਪਲਾਨਿੰਗ ਵਿਦੇਸ਼ ਬੈਠੇ ਗੋਲਡੀ ਬਰਾੜ ਦੀ ਸੀ।
ਲਾਰੈਂਸ ਨੇ ਇਹ ਵੀ ਕਿਹਾ ਕਿ ਉਹ ਤਾਂ ਪਿਛਲੇ 9 ਸਾਲ ਤੋਂ ਤਿਹਾੜ ਜੇਲ੍ਹ ਵਿਚ ਬੰਦ ਹੈ, ਉਹ ਕਿਵੇਂ ਸਿੱਧੂ ਮੂਸੇਵਾਲਾ ਨੂੰ ਮਾਰ ਸਕਦਾ ਹੈ। ਉਸ ਕੋਲ ਤਾਂ ਕੋਈ ਫੋਨ ਵੀ ਨਹੀਂ ਹੈ। ਲਾਰੈਂਸ ਨੇ ਕਿਹਾ ਕਿ ਹਾਂ, ਵਿੱਕੀ ਮਿੱਡੂਖੇੜਾ ਤੇ ਗੁਰਲਾਲ ਦੇ ਕਤਲ ਤੋਂ ਬਾਅਦ ਉਸਨੂੰ ਗੁੱਸਾ ਬਹੁਤ ਸੀ। ਹੋ ਸਕਦਾ ਹੈ ਕਿ ਉਸਦੇ ਦੋਸਤਾਂ ਨੇ ਤੈਸ਼ ਵਿਚ ਆ ਕੇ ਸਿੱਧੂ ਮੂਸੇਵਾਲਾ ਦਾ ਮਰਡਰ ਕਰ ਦਿੱਤਾ ਹੋਵੇ ਪਰ ਉਸਦਾ ਇਸ ਕਤਲ ਵਿਚ ਕੋਈ ਹੱਥ ਨਹੀਂ।
ਉਸਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਗੁਰਲਾਲ ਬਰਾੜ ਤੇ ਵਿੱਕੀ ਮਿੱਡੂਖੇੜਾ ਦੇ ਕਤਲ ਵਿਚ ਪੂਰਾ ਹੱਥ ਸੀ। ਉਹ ਸਾਡੇ ਐਂਟੀ ਗਰੁੱਪ ਨੂੰ ਸਪੋਰਟ ਕਰਦਾ ਸੀ। ਉਸਦੀ ਕਾਂਗਰਸ ਪਾਰਟੀ ਵਿਚ ਚੰਗੀ ਗੱਲਬਾਤ ਸੀ, ਜਿਸ ਕਰਕੇ ਪੁਲਿਸ ਵੀ ਉਸਦੀ ਗੱਲ ਸੁਣਦੀ ਸੀ। ਇਸ ਕਰਕੇ ਅਸੀਂ ਸਿੱਧੂ ਤੋਂ ਨਰਾਜ਼ ਸੀ।