ਜਲੰਧਰ ‘ਚ ਨਾਜਾਇਜ਼ ਭਵਨਾਂ ‘ਤੇ ਦੇਰ ਰਾਤ ਕਾਰਵਾਈ : MLA ਅੰਗੁਰਾਲ ਦੇ ਹਲਕੇ ‘ਚ ਨਿੱਜੀ ਹਸਪਤਾਲ-ਗੋਦਾਮ ਸੀਲ, ਬੇਰੀ ਦੇ ਖਾਸਮਖਾਸ ਨੂੰ ਨੋਟਿਸ

0
289

ਜਲੰਧਰ। ਜਲੰਧਰ ਵਿਚ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰਿਆ ਪੁਰਾਣਾ ਅਮਲਾ ਬਦਲ ਜਾਣ ਦੇ ਬਾਅਦ ਆਇਆ ਨਵਾਂ ਅਮਲਾ ਪੂਰੀ ਤਰ੍ਹਾਂ ਐਕਸ਼ਨ ਮੋਡ ਵਿਚ ਹੈ। ਸ਼ਹਿਰ ਵਿਚ ਬਣ ਚੁੱਕੇ ਤੇ ਬਣ ਰਹੇ ਨਾਜਾਇਜ਼ ਭਵਨਾਂ ਉਤੇ ਨਗਰ ਨਿਗਮ ਬਿਲਡਿੰਗ ਬ੍ਰਾਂਚ ਦੀ ਕਾਰਵਾਈ ਲਗਾਤਾਰ ਜਾਰੀ ਹੈ। ਪਿਛਲੀ ਰਾਤ ਵੀ ਨਿਗਮ ਦੇ ਮੁਲਾਜ਼ਮਾਂ ਨੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਹਲਕੇ ਜਲੰਧਰ ਵੈਸਟ ਵਿਚ ਇਕ ਨਿੱਜੀ ਬਿਲਡਿੰਗ ਤੇ ਗੋਦਾਮ ਦੇ ਭਵਨ ਨੂੰ ਸੀਲ ਕੀਤਾ ਹੈ।
ਜਲੰਧਰ ਸ਼ਹਿਰ ਵਿਚ ਦੂਰਦਰਸ਼ਨ ਕੇਂਦਰ ਦੀ ਬੈਕਸਾਈਡ ਉਤੇ ਪੈਂਦੇ ਅਵਤਾਰ ਨਗਰ ਤਹਿਤ ਆਉਂਦੇ ਅਸ਼ੋਕ ਨਗਰ ਵਿਚ ਨਿਗਮ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਨਿੱਜੀ ਹਸਪਤਾਲ ਦੀ ਬਿਲਡਿੰਗ ਨੂੰ ਸੀਲ ਕੀਤਾ ਹੈ। ਇਸ ਬਿਲਡਿੰਗ ਨੂੰ ਸੀਲ ਕਰਨ ਤੋਂ ਪਹਿਲਾਂ ਮਾਲਕਾਂ ਨੂੰ ਨੋਟਿਸ ਵੀ ਭੇਜਿਆ ਗਿਆ ਸੀ। ਪਰ ਉਨ੍ਹਾਂ ਨੇ ਨਾ ਤਾਂ ਨਕਸ਼ੇ ਅਨੁਸਾਰ ਭਵਨ ਦਾ ਨਿਰਮਾਣ ਕੀਤਾ ਤੇ ਨਾਲ ਹੀ ਬਿਲਡਿੰਗ ਬਣਾਏ ਜਾਣ ਵੇਲੇ ਨਿਯਮਾਂ ਦੀ ਅਣਦੇਖੀ ਵੀ ਕੀਤੀ।
ਨਗਰ ਨਿਗਮ ਬਿਲਡਿੰਗ ਬ੍ਰਾਂਚ ਦੇ ਮੁਲਾਜ਼ਮਾਂ ਨੇ ਐਮਟੀਪੀ ਨੀਰਜ ਭੱਟੀ, ਏਟੀਪੀ ਸੁਖਦੇਵ ਵਿਸ਼ਿਸ਼ਟ ਦੀ ਅਗਵਾਈ ਵਿਚ ਨਿਗਮ ਕਮਿਸ਼ਨਰ ਦਵਿੰਦਰ ਸਿੰਘ ਤੇ ਸਹਾਇਕ ਕਮਿਸ਼ਨਰ ਸ਼ਿਖਾ ਭਗਤ ਦੇ ਹੁਕਮਾਂ ਉਤੇ ਦੇਰ ਰਾਤ ਹਸਪਤਾਲ ਦੇ ਭਵਨ ਦਾ ਮੁੱਖ ਗੇਟ ਸੀਲ ਕਰਕੇ ਉਸ ਉਤੇ ਨੋਟਿਸ ਚਿਪਕਾ ਦਿੱਤਾ। ਹਸਪਤਾਲ ਦੀ ਬਿਲਡਿੰਗ ਬਣਾਉਣ ਵਾਲਿਆਂ ਨੂੰ ਨਗਰ ਨਿਗਮ ਤੋਂ ਪਾਸ ਦਸਤਾਵੇਜ਼ ਆਫਿਸ ਵਿਚ ਲਿਆ ਕੇ ਦਿਖਾਉਣ ਲਈ ਕਿਹਾ ਗਿਆ ਹੈ।
ਇਸੇ ਤਰ੍ਹਾਂ ਮੰਡੀ ਰੋਡ ਉਤੇ ਲਕਸ਼ਮੀ ਸਿਨੇਮਾ ਕੋਲ ਨਗਰ ਨਿਗਮ ਦੀ ਟੀਮ ਨੇ ਇਕ ਗੋਦਾਮ ਨੂੰ ਵੀ ਸੀਲ ਕੀਤਾ ਹੈ। ਮਾਰਕੀਟ ਵਿਚ ਬਣਾਏ ਗਏ ਗੋਦਾਮ ਨੂੰ ਤੋੜ ਕੇ ਮੌਡੀਫਾਈ ਕੀਤਾ ਗਿਆ ਸੀ। ਇਸਦੀ ਸ਼ਿਕਾਇਤ ਨਗਰ ਨਿਗਮ ਵਿਚ ਆਈ ਸੀ। ਨਿਗਮ ਦੇ ਅਧਿਕਾਰੀਆਂ ਨੇ ਪਹਿਲਾਂ ਹੀ ਸ਼ਿਕਾਇਤ ਉਤੇ ਮੌਕੇ ਦਾ ਮੁਆਇਨਾ ਕਰਵਾਇਆ। ਇਸਦੇ ਬਾਅਦ ਇਹ ਕਨਫਰਮ ਹੋਣ ਉਤੇ ਨਿਯਮਾਂ ਦਾ ਉਲੰਘਣ ਕੀਤਾ ਗਿਆ ਹੈ। ਇਸ ਉਤੇ ਦੇਰ ਰਾਤ ਸੀਲਬੰਦੀ ਦੀ ਕਾਰਵਾਈ ਕੀਤੀ ਗਈ ਹੈ।
ਇਸੇ ਤਰ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੇ ਜਲੰਧਰ ਸੈਂਟਰਲ ਤੋਂ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਦੇ ਖਾਸਮਖਾਸ ਪਾਲੀ ਨੂੰ ਵੀ ਨਾਜਾਇਜ਼ ਢੰਗ ਨਾਲ ਰਿਹਾਇਸ਼ੀ ਭਵਨ ਨੂੰ ਕਮਰਸ਼ੀਅਲ ਭਵਨ ਵਿਚ ਬਦਲਣ ਉਤੇ ਨੋਟਿਸ ਜਾਰੀ ਕੀਤਾ ਗਿਆ ਹੈ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਪਾਲੀ ਨੇ 20 ਓਲਡ ਜਵਾਹਰ ਨਗਰ ਵਿਚ ਰਿਹਾਇਸ਼ੀ ਭਵਨ ਨੂੰ ਪੇਇੰਗ ਗੈਸਟ (ਪੀਜੀ) ਵਿਚ ਬਦਲ ਦਿੱਤਾ ਹੈ। ਉਥੇ ਕਮਰਸ਼ੀਅਲ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਇਸਦਾ ਨੋਟਿਸ ਭੇਜ ਕੇ ਉਨ੍ਹਾਂ ਤੋਂ ਜਵਾਬ ਮੰਗਿਆ ਗਿਆ ਹੈ। ਜੇਕਰ ਤੈਅ ਸਮੇਂ ਵਿਚ ਜਵਾਬ ਨਾ ਮਿਲਿਆ ਤਾਂ ਨਗਰ ਨਿਗਮ ਇਸ ਪੀਜੀ ਨੂੰ ਸੀਲ ਕਰਕੇ ਬੰਦ ਕਰ ਸਕਦਾ ਹੈ।