ਕੋਟਕਪੂਰਾ ਗੋਲੀਕਾਂਡ ਮਾਮਲੇ ‘ਤੇ ਸੁਖਬੀਰ ਬਾਦਲ ਨੂੰ ਸੰਮਨ ‘ਤੇ ਬੋਲੇ ਕੁੰਵਰ ਵਿਜੈ ਪ੍ਰਤਾਪ, ਕਿਹਾ-ਸੁਖਬੀਰ ਦੀ ਗ੍ਰਿਫਤਾਰੀ ਹੋਣੀ ਚਾਹੀਦੀ, ਸਾਲਾਂ ਬਾਅਦ ਵੀ ਸੰਮਨ ਹੀ ਭੇਜੇ ਜਾ ਰਹੇ

0
656

ਅੰਮ੍ਰਿਤਸਰ | ਵਿਸ਼ੇਸ਼ ਜਾਂਚ ਟੀਮ ਸਿੱਟ ਵੱਲੋਂ ਸੁਖਬੀਰ ਬਾਦਲ ਨੂੰ ਸੰਮਨ ਭੇਜੇ ਜਾਣ ‘ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਸੱਤ ਸਾਲਾਂ ਬਾਅਦ ਹਾਲੇ ਵੀ ਸੰਮਨ ਭੇਜੇ ਜਾ ਰਹੇ। ਉਨ੍ਹਾਂ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਕੇਸ ‘ਚ ਜਿੰਨੇ ਵੀ ਮੁਲਜ਼ਮ ਹਨ, ਉਨ੍ਹਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ।

ਕੁੰਵਰ ਵਿਜੈ ਪ੍ਰਤਾਪ ਨੇ ਅੱਜ ਫਿਰ ਪੁਲਿਸ ਦੀ ਕਾਰਗੁਜਾਰੀ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੌਣ ਕਰੇਗਾ। ਇਸ ਦੌਰਾਨ ਬਿਕਰਮ ਮਜੀਠੀਆ ਦਾ ਨਾਂ ਲਏ ਬਗੈਰ ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਕਿ ਪੁਲਿਸ ਦੇ ਉਹ ਅਧਿਕਾਰੀ ਕੀ ਗ੍ਰਿਫਤਾਰੀ ਕਰਨਗੇ, ਜਿਨਾਂ ਨੇ ਡਰੱਗ ਕੇਸ ‘ਚ ਡਰੱਗ ਦੇ ਕਿੰਗਪਿੰਨ ਦਾ ਰਿਮਾਂਡ ਹੀ ਨਹੀਂ ਲਿਆ।

ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਸਰਕਟ ਹਾਊਸ ਦੀ ਜ਼ਮੀਨ ਨੂੰ ਲੀਜ ‘ਤੇ ਦੇਣ ਦਾ ਮਸਲਾ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੇ ਇੱਕ ਵਾਰ ਫਿਰ ਉਠਾਇਆ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਜਗ੍ਹਾ ਨੂੰ ਲੀਜ ‘ਤੇ ਦੇਣ ਦਾ ਫੈਸਲਾ ਸਰਾਸਰ ਗਲਤ ਹੈ ਤੇ ਗਲਤ ਢੰਗ ਨਾਲ ਜ਼ਮੀਨ ਲੀਜ ‘ਤੇ ਦਿੱਤੀ ਗਈ ਹੈ।