ਕਾਤਲ ਗੁਆਂਢਣ : ਕੰਜਕਾਂ ‘ਤੇ ਜਿਸ ਦੀ ਕੀਤੀ ਪੂਜਾ, ਉਸ ਦੀ ਹੀ ਕਰ ਦਿੱਤੀ ਹੱਤਿਆ; ਲੁਧਿਆਣਾ ‘ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ

0
952

ਗੁਆਂਢਣ ਵੱਲੋਂ ਪੁਲਿਸ ਮੁਲਾਜ਼ਮ ਦੀ ਢਾਈ ਸਾਲਾ ਬੇਟੀ ਦੇ ਕਤਲ ਦਾ ਮਾਮਲਾ, ਆਖਰੀ ਵਾਰ ਦੇਖਣ ਲਈ ਉਮੜਿਆ ਜਨ-ਸੈਲਾਬ

ਲੁਧਿਆਣਾ | ਹੈੱਡ ਕਾਂਸਟੇਬਲ ਹਰਪ੍ਰੀਤ ਸਿੰਘ ਦੀ ਢਾਈ ਸਾਲ ਦੀ ਬੇਟੀ ਦਾ ਗੁਆਂਢਣ ਵੱਲੋਂ ਸ਼ਿਮਲਾਪੁਰੀ ਸਥਿਤ ਕੁਆਲਟੀ ਚੌਕ ਨੇੜੇ ਕਤਲ ਕਰਨ ਦੇ ਮਾਮਲੇ ‘ਚ ਸੋਮਵਾਰ ਦਿਲਰੋਜ ਕੌਰ ਦਾ ਪੋਸਟਮਾਰਟਮ ਕਰਵਾਇਆ ਗਿਆ।

ਉਸ ਨੂੰ ਆਖਰੀ ਵਾਰ ਦੇਖਣ ਲਈ ਲੋਕਾਂ ਦੀ ਭੀੜ ਲੱਗੀ ਹੋਈ ਸੀ। ਇਸ ਦੇ ਨਾਲ ਹੀ ਆਰੋਪੀ ਨੀਲਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ 2 ਦਿਨ ਦਾ ਰਿਮਾਂਡ ਲਿਆ ਹੈ, ਜਿਸ ਵਿੱਚ ਉਸ ਤੋਂ ਸਾਰੀ ਪਲਾਨਿੰਗ ਬਾਰੇ ਪੁੱਛਿਆ ਜਾਵੇਗਾ। ਪਰਿਵਾਰ ਵਾਲੇ ਸਵੇਰੇ ਹੀ ਦਿਲਰੋਜ ਦਾ ਪੋਸਟਮਾਰਟਮ ਕਰਵਾਉਣ ਸਿਵਲ ਹਸਪਤਾਲ ਪੁੱਜੇ।

ਉਥੇ ਗੁਰਵਿੰਦਰ ਕੌਰ, ਡਾ. ਵਰੁਣ ਸੱਗੜ ਤੇ ਡਾ. ਰਿਪੁਦਮਨ ਨੇ ਬੋਰਡ ਬਣਾ ਕੇ ਪੋਸਟਮਾਰਟਮ ਕਰਵਾਇਆ, ਜਿਸ ਤੋਂ ਬਾਅਦ ਪਤਾ ਲੱਗਾ ਕਿ ਬੱਚੀ ਦੀ ਮੌਤ ਸਾਹ ਘੁੱਟਣ ਕਾਰਨ ਹੋਈ ਹੈ।

ਇਸ ਤੋਂ ਇਲਾਵਾ ਉਸ ਦੇ ਮੱਥੇ ਅਤੇ ਸਿਰ ਦੇ ਪਿਛਲੇ ਹਿੱਸੇ ‘ਤੇ ਸੱਟ ਦੇ ਨਿਸ਼ਾਨ ਹਨ, ਜੋ ਕਿ ਲੜਕੀ ਨੂੰ ਕੁੱਟਣ ਜਾਂ ਡਿੱਗਣ ਕਾਰਨ ਹੋ ਸਕਦੇ ਹਨ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ।

ਬੱਚੀ ਦਾ ਅੰਤਿਮ ਸੰਸਕਾਰ ਸ਼ਿਮਲਾਪੁਰੀ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਸੰਸਕਾਰ ਸਮੇਂ ਪਰਿਵਾਰ ਤੋਂ ਇਲਾਵਾ ਮੌਕੇ ‘ਤੇ ਮੌਜੂਦ ਲੋਕ ਵੀ ਆਪਣੇ ਹੰਝੂ ਨਹੀਂ ਰੋਕ ਸਕੇ।

ਮਾਂ ਬੋਲੀ- ਪਾਣੀ ਦੇ ਦਿਓ ਮੇਰੇ ਪੁੱਤ ਦੇ ਚਿਹਰੇ ‘ਤੇ ਮਿੱਟੀ ਲੱਗੀ, ਸਾਫ਼ ਕਰਨੀ ਆ

ਪੋਸਟਮਾਰਟਮ ਤੋਂ ਬਾਅਦ ਜਦੋਂ ਲਾਸ਼ ਨੂੰ ਘਰ ਲਿਆਂਦਾ ਗਿਆ ਤਾਂ ਉੱਥੇ ਪਹਿਲਾਂ ਹੀ ਲੋਕਾਂ ਦੀ ਭੀੜ ਲੱਗੀ ਹੋਈ ਸੀ। ਚਾਰੇ ਪਾਸੇ ਚੀਕ-ਚਿਹਾੜਾ ਸੁਣਾਈ ਦੇ ਰਿਹਾ ਸੀ ਪਰ ਦਿਲਰੋਜ ਦੀ ਮਾਂ ਕਿਰਨ ਬੇਸੁੱਧ ਸੀ।

ਧੀ ਦਾ ਚਿਹਰਾ ਦੇਖਦੇ ਹੀ ਉਹ ਉੱਚੀ-ਉੱਚੀ ਰੋਣ ਲੱਗ ਪਈ। ਬੇਟੀ ਦੇ ਮੂੰਹ ‘ਤੇ ਮਿੱਟੀ ਦੇਖ ਕੇ ਕਹਿਣ ਲੱਗੀ, ਥੋੜ੍ਹਾ ਪਾਣੀ ਦਿਓ ਮੇਰੇ ਪੁੱਟ ਦੇ ਚਿਹਰੇ ਤੇ ਮਿੱਟੀ ਲੱਗੀ ਆ, ਓਹਨੂੰ ਸਾਫ਼ ਕਰਨਾ। ਇਸ ਤੋਂ ਬਾਅਦ ਆਪਣੇ ਦੁਪੱਟੇ ਨੂੰ ਪਾਣੀ ‘ਚ ਭਿਓਂ ਕੇ ਉਸ ਨਾਲ ਬੇਟੀ ਦਾ ਚਿਹਰਾ ਸਾਫ ਕਰਨਾ ਸ਼ੁਰੂ ਕਰ ਦਿੱਤਾ। ਫਿਰ ਰੋਂਦੀ-ਰੋਂਦੀ ਧੀ ਨੂੰ ਗਲ਼ੇ ਲਾ ਕੇ ਰੋਣ ਲੱਗੀ।

15 ਦਿਨ ਸਾਜ਼ਿਸ਼ ਰਚਣ ਤੋਂ ਬਾਅਦ ਕੀਤੀ ਹੱਤਿਆ, ਫਿਰ ਪੀੜਤਾਂ ਨਾਲ ਬੱਚੀ ਨੂੰ ਲੱਭਦੀ ਰਹੀ

ਦਿਲਰੋਜ ਨੂੰ ਆਰੋਪੀ ਨੀਲਮ ਕੰਜਕਾਂ ‘ਤੇ ਆਪਣੇ ਘਰ ਲੈ ਆਈ ਸੀ। ਉਸ ਦੇ ਪੈਰ ਛੂਹ ਕੇ ਅਸੀਸ ਦਿੱਤੀ ਤੇ ਫਿਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਹ ਖੁਦ ਨੂੰ ਦਿਲਰੋਜ ਦੀ ਮੂੰਹ-ਬੋਲੀ ਮਾਸੀ ਆਖਦੀ ਸੀ।

ਸੂਤਰਾਂ ਮੁਤਾਬਕ ਜਾਂਚ ‘ਚ ਸਾਹਮਣੇ ਆਇਆ ਕਿ ਆਰੋਪੀ ਨੀਲਮ ਨੇ ਕਰੀਬ 15 ਦਿਨ ਪਹਿਲਾਂ ਇਸ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ। ਇਸ ਲਈ ਉਹ ਹਰ ਰੋਜ਼ ਚਾਕਲੇਟ, ਟਾਫੀ ਦੇ ਬਹਾਨੇ ਦਿਲਰੋਜ ਨੂੰ ਆਪਣੇ ਨਾਲ ਲੈ ਕੇ ਜਾਣ ਲੱਗ ਪਈ ਤਾਂ ਜੋ ਪਰਿਵਾਰ ਵਿੱਚ ਭਰੋਸਾ ਬਣਿਆ ਰਹੇ।

ਉਸ ਨੇ ਫੈਸਲਾ ਕੀਤਾ ਸੀ ਕਿ ਘਰ ਖਾਲੀ ਕਰਨ ਦੇ ਆਖਰੀ ਦਿਨ ਉਹ ਵਾਰਦਾਤ ਨੂੰ ਅੰਜਾਮ ਦੇਵੇਗੀ। ਸਭ ਕੁਝ ਵਿਉਂਤ ਅਨੁਸਾਰ ਹੋਇਆ। ਐਤਵਾਰ ਨੂੰ ਦਿਲਰੋਜ ਆਪਣੇ ਮਾਤਾ-ਪਿਤਾ ਨਾਲ ਇਕ ਸਮਾਗਮ ‘ਚ ਗਈ ਸੀ। ਉਥੋਂ ਵਾਪਸ ਆ ਕੇ ਉਹ ਘਰ ਦੇ ਬਾਹਰ ਖੜ੍ਹੀ ਸੀ।

ਇਸ ਦੌਰਾਨ ਨੀਲਮ ਉਸ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਈ, ਜਿਸ ਬਾਰੇ ਨੀਲਮ ਦੇ ਲੜਕੇ ਤੇ ਮੁਹੱਲੇ ਦੇ ਲੋਕਾਂ ਨੇ ਪਰਿਵਾਰ ਨੂੰ ਦੱਸਿਆ ਪਰ ਜਦੋਂ ਕਿਰਨ ਨੇ ਨੀਲਮ ਨੂੰ ਫੋਨ ਕੀਤਾ ਤਾਂ ਉਹ ਦਿਲਰੋਜ ਨੂੰ ਲਿਜਾਣ ਵਾਲੀ ਗੱਲ ਤੋਂ ਮੁੱਕਰ ਗਈ ਤੇ ਕਿਹਾ ਕਿ ਉਹ ਤਾਂ ਉਸ ਨੂੰ ਲੈ ਕੇ ਗਈ ਹੀ ਨਹੀਂ ਤੇ ਘਰ ਆ ਕੇ ਅਣਜਾਣ ਬਣ ਕੇ ਪੀੜਤ ਪਰਿਵਾਰ ਦੇ ਨਾਲ ਬੱਚੀ ਦੀ ਭਾਲ ਕਰਨ ਲੱਗੀ ਪਰ ਫੁਟੇਜ ਨੇ ਖੁਲਾਸਾ ਕਰ ਦਿੱਤਾ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ