ਖੰਨਾ ‘ਚ ਲਿਖੇ ਮਿਲੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਸਾਬਕਾ CM ਬੇਅੰਤ ਸਿੰਘ ਦੇ ਪਰਿਵਾਰ ਨੂੰ ਬਣਾਇਆ ਨਿਸ਼ਾਨਾ

0
1355

ਲੁਧਿਆਣਾ | ਖੰਨਾ ਦੇ ਦੋਰਾਹਾ ਵਿਖੇ ਖਾਲਿਸਤਾਨ ਜ਼ਿੰਦਾਬਾਦ ਅਤੇ ਸਿੱਖ ਫਾਰ ਜਸਟਿਸ ਦੇ ਨਾਅਰੇ ਲਿਖੇ ਗਏ। ਇਸ ਵਾਰ ਸਾਬਕਾ ਸੀਐਮ ਬੇਅੰਤ ਸਿੰਘ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦੋਰਾਹਾ ਵਿਚ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ’ਤੇ ਵੀ ਇਹ ਨਾਅਰੇ ਲਿਖੇ ਹੋਏ ਹਨ। ਭਾਰਤ ‘ਚ ਪਾਬੰਦੀਸ਼ੁਦਾ ਸਿੱਖ ਫਾਰ ਜਸਟਿਸ ਦੇ ਸੰਸਥਾਪਕ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਵੀ ਵੀਡੀਓ ਵਾਇਰਲ ਕਰ ਕੇ ਇਸ ਦੀ ਜ਼ਿੰਮੇਵਾਰੀ ਲਈ ਹੈ।

ਵਾਇਰਲ ਵੀਡੀਓ ਵਿਚ ਅੱਤਵਾਦੀ ਪੰਨੂ ਪੰਜਾਬ ਦੇ ਮੌਜੂਦਾ ਸੀਐਮ ਭਗਵੰਤ ਮਾਨ ਦੀ ਤੁਲਨਾ ਸਾਬਕਾ ਸੀਐਮ ਬੇਅੰਤ ਸਿੰਘ ਨਾਲ ਕਰ ਰਿਹਾ ਹੈ। ਇਤਰਾਜ਼ਯੋਗ ਸ਼ਬਦਾਵਲੀ ਵਰਤੀ ਗਈ। ਇਸ ਤੋਂ ਇਲਾਵਾ ਬੇਅੰਤ ਸਿੰਘ ਕਤਲ ਕੇਸ ਵਿਚ ਸ਼ਾਮਲ ਦਿਲਾਵਰ ਸਿੰਘ ਦਾ ਨਾਂ ਲੈ ਕੇ ਖਾਲਿਸਤਾਨ ਦੇ ਸਮਰਥਨ ਦੀ ਅਪੀਲ ਕਰ ਰਿਹਾ ਹੈ। ਪੰਨੂੰ ਦੀ ਵੀਡੀਓ ਵਿਚ ਦੋਰਾਹਾ ਵਿਚ ਲਿਖੇ ਨਾਅਰੇ ਦੀ ਫੋਟੋ ਵੀ ਹੈ। ਇਸ ਤੋਂ ਸਪੱਸ਼ਟ ਹੈ ਕਿ ਪੰਨੂ ਦੇ ਸਲੀਪਰ ਸੈੱਲ ਇੱਥੇ ਸਰਗਰਮ ਹਨ।

ਦੋਰਾਹਾ ਚੌਕ ਵਿਚ ਬੇਅੰਤ ਸਿੰਘ ਦਾ ਬੁੱਤ ਲਗਾਇਆ ਹੋਇਆ ਹੈ ਕਿਉਂਕਿ ਉਸ ਦਾ ਪਿੰਡ ਕੋਟਲੀ ਦੋਰਾਹਾ ਨੇੜੇ ਹੈ। ਬੇਅੰਤ ਸਿੰਘ ਦੀ 31 ਅਗਸਤ 1995 ਨੂੰ ਬੰਬ ਨਾਲ ਹੱਤਿਆ ਕਰ ਦਿੱਤੀ ਗਈ ਸੀ। ਹਰ ਸਾਲ ਚੰਡੀਗੜ੍ਹ ਵਿਚ ਉਨ੍ਹਾਂ ਦੀ ਬਰਸੀ ਮਨਾਈ ਜਾਂਦੀ ਹੈ। ਇਹ ਘਟਨਾ ਬਰਸੀ ਤੋਂ 2 ਦਿਨ ਪਹਿਲਾਂ ਵਾਪਰੀ ਹੈ।

ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਇਸ ਪੂਰੇ ਮਾਮਲੇ ਵਿਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ ਪਰ ਜੀਆਰਪੀ ਦੋਰਾਹਾ ਦੇ ਏਐਸਆਈ ਹਿੰਮਤ ਸਿੰਘ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਹਦੂਦ ਵਿਚ ਇੱਕ ਥਾਂ ’ਤੇ ਨਾਅਰੇ ਲਿਖੇ ਹੋਏ ਸਨ, ਜੋ ਮਿਟਾ ਦਿੱਤੇ ਗਏ ਹਨ ਅਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।