ਕਪੂਰਥਲਾ ਦਾ ਨੌਜਵਾਨ ਦੁਬਈ ‘ਚ ਲਾਪਤਾ, 9 ਮਹੀਨੇ ਪਹਿਲਾਂ ਰੋਜ਼ੀ-ਰੋਟੀ ਲਈ ਗਿਆ ਸੀ ਵਿਦੇਸ਼, ਫੋਨ ਵੀ ਕਈ ਦਿਨਾਂ ਤੋਂ ਸਵਿੱਚ ਆਫ

0
3146

ਕਪੂਰਥਲਾ| ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਦੇ ਪਿੰਡ ਭਾਗੋਰਾਈਆਂ ਦਾ ਰਹਿਣ ਵਾਲਾ ਨੌਜਵਾਨ ਦੁਬਈ ਵਿੱਚ ਲਾਪਤਾ ਹੋ ਗਿਆ ਹੈ। ਨੌਜਵਾਨ ਦੀ ਪਛਾਣ ਬਲਜਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਜੋਂ ਹੋਈ ਹੈ, ਜੋ ਕਰੀਬ 9 ਮਹੀਨੇ ਪਹਿਲਾਂ ਦੁਬਈ ਗਿਆ ਸੀ, ਪਰ ਕਰੀਬ ਪਿਛਲੇ 25 ਦਿਨਾਂ ਤੋਂ ਭੇਤਭਰੇ ਹਾਲਾਤ ‘ਚ ਲਾਪਤਾ ਹੋ ਗਿਆ ਹੈ।

ਬਲਜਿੰਦਰ ਦੀ ਬੁੱਢੀ ਬਿਮਾਰ ਮਾਂ ਚੰਨਣ ਕੌਰ ਮੰਜੇ ‘ਤੇ ਪਏ ਆਪਣੇ ਪੁੱਤਰ ਨੂੰ ਆਵਾਜ਼ਾਂ ਮਾਰ ਰਹੀ ਹੈ, ਪਰ ਬਲਜਿੰਦਰ ਸਿੰਘ ਦਾ ਕੋਈ ਪਤਾ ਨਹੀਂ ਲੱਗਾ। ਬਲਜਿੰਦਰ ਦੀ ਭੈਣ ਮਨਜੀਤ ਕੌਰ ਨੇ ਦੱਸਿਆ ਕਿ ਅੱਜ 4 ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਹੈ। ਬਲਜਿੰਦਰ ਸਿੰਘ ਨਾਲ ਸਾਡਾ ਕੋਈ ਸੰਪਰਕ ਨਹੀਂ ਹੋਇਆ। ਉਸ ਦੇ ਦੋਸਤਾਂ ਨੂੰ ਵੀ ਕੁਝ ਨਹੀਂ ਪਤਾ।

ਮਨਜੀਤ ਅਨੁਸਾਰ ਉਸਦੇ ਦੋਸਤਾਂ ਦਾ ਕਹਿਣਾ ਹੈ ਕਿ ਉਹ ਆਪਣੇ ਕਮਰੇ ਵਿੱਚ ਵੀ ਨਹੀਂ ਹੈ। ਉਸ ਦਾ ਸਾਮਾਨ ਕਮਰੇ ਵਿੱਚ ਪਿਆ ਹੈ। ਉਸਦਾ ਫੋਨ ਬੰਦ ਆ ਰਿਹਾ ਹੈ। ਬਲਜਿੰਦਰ 9 ਮਹੀਨੇ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਗਿਆ ਸੀ। ਉਹ ਡਿਸਕਵਰੀ ਕੰਪਨੀ ‘ਚ ਕੰਮ ਕਰਦਾ ਸੀ ਪਰ ਇਸ ਤਰ੍ਹਾਂ ਲਾਪਤਾ ਹੋ ਜਾਣ ਕਾਰਨ ਪਰਿਵਾਰ ਦੀ ਚਿੰਤਾ ‘ਚ ਹੈ।

ਸਮਾਜ ਸੇਵੀ ਐਸਪੀ ਓਬਰਾਏ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਬੇਨਤੀ ਹੈ ਕਿ ਬਲਜਿੰਦਰ ਨੂੰ ਭਾਰਤ ਵਾਪਸ ਲਿਆਉਣ ਵਿੱਚ ਸਾਡੀ ਮਦਦ ਕੀਤੀ ਜਾਵੇ।