ਕਪੂਰਥਲਾ : ਸਿਵਲ ਹਸਪਤਾਲ ਦੀ ਕੰਧ ਟੱਪ ਕੇ ਹੱਥਕੜੀ ਸਮੇਤ ਕੈਦੀ ਫਰਾਰ, ਪੁਲਿਸ ਨੂੰ ਪਈ ਹੱਥਾਂ-ਪੈਰਾਂ ਦੀ

0
261

ਕਪੂਰਥਲਾ | ਇਥੋਂ ਕੈਦੀ ਫਰਾਰ ਹੋਣ ਦੀ ਖਬਰ ਸਾਹਮਣੇ ਆਈ ਹੈ। ਕਪੂਰਥਲਾ ਵਿਚ 3 ਦਿਨ ਪਹਿਲਾਂ ਲੱਖਾਂ ਦੀ ਨਕਦੀ ਸਣੇ ਚੋਰੀ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ‘ਤੇ ਜਿਥੇ ਸਾਰੇ ਪੁਲਿਸ ਦੀ ਪਿੱਠ ਥਾਪੜ ਰਹੇ ਸਨ ਪਰ ਅਗਲੇ ਹੀ ਦਿਨ ਕੁਝ ਹੋਰ ਹੋ ਗਿਆ, ਜਦੋਂ ਪੁਲਿਸ ਹਿਰਾਸਤ ਵਿਚੋਂ ਇਕ ਚੋਰੀ ਦਾ ਦੋਸ਼ੀ ਹੱਥਕੜੀ ਸਣੇ ਕੰਧ ਟੱਪ ਕੇ ਫਰਾਰ ਹੋ ਗਿਆ।

ਇਸ ਤੋਂ ਬਾਅਦ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਜਦਕਿ ਸਦਰ ਥਾਣੇ ਦੀ ਲਾਪਰਵਾਹੀ ਵੀ ਸਾਹਮਣੇ ਆਈ ਹੈ। ਹਾਲਾਂਕਿ ਪੁਲਿਸ ਨੇ 15 ਮਿੰਟਾਂ ਅੰਦਰ ਮੁਹੱਬਤ ਨਗਰ ਤੋਂ ਮੁਲਜ਼ਮ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਮੁਤਾਬਕ ਥਾਣਾ ਸਦਰ ਦੀ ਪੁਲਿਸ ਨੇ ਏ. ਸੀ. ਕੰਪ੍ਰੈਸ਼ਰ ਚੋਰੀ ਦੇ ਦੋਸ਼ ‘ਚ ਇਕ ਦੋਸ਼ੀ ਜੋਧਾ ਸਿੰਘ ਵਾਸੀ ਖਾਨਪੁਰ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਖਿਲਾਫ FIR ਨੰ. 44 ਥਾਣਾ ਸਦਰ ਵਿਚ ਦਰਜ ਹੈ।

ਦੋਸ਼ੀ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਤੋਂ ਪਹਿਲਾਂ ਪੁਲਿਸ ਟੀਮ ਉਸ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਕਪੂਰਥਲਾ ਆਈ। ਸਿਵਲ ਹਸਪਤਾਲ ‘ਚ ਮੈਡੀਕਲ ਕਰਵਾਉਣ ਤੋਂ ਬਾਅਦ ਜੋਧਾ ਸਿੰਘ ਪੁਲਿਸ ਨੂੰ ਚਕਮਾ ਦੇ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਨੇੜੇ ਕੰਧ ਟੱਪ ਕੇ ਫਰਾਰ ਹੋ ਗਿਆ।

ਪੁਲਿਸ ਟੀਮ ਨੇ ਤੁਰੰਤ ਪਿੱਛਾ ਕੀਤਾ ਅਤੇ 15 ਮਿੰਟ ਬਾਅਦ ਨਜ਼ਦੀਕੀ ਇਲਾਕੇ ਮੁਹੱਬਤ ਨਗਰ ਤੋਂ ਕਾਬੂ ਕਰ ਲਿਆ। ਸਦਰ ਇੰਚਾਰਜ ਸੋਨਮਦੀਪ ਕੌਰ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਦੂਜੇ ਪਾਸੇ ਐਸਪੀ-ਇਨਵੈਸਟੀਗੇਸ਼ਨ ਰਾਮਨਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ।