ਕਪੂਰਥਲਾ : ਵਿਆਹ ਸਮਾਗਮ ‘ਚ ਆਈ NRI ਮਹਿਲਾ ਦੀ ਸ਼ੱਕੀ ਹਾਲਾਤ ‘ਚ ਮੌ.ਤ, ਮਾਪਿਆਂ ਨੇ ਸਹੁਰਿਆਂ ‘ਤੇ ਲਗਾਏ ਗੰਭੀਰ ਦੋਸ਼

0
1336

ਕਪੂਰਥਲਾ, 26 ਜਨਵਰੀ | ਕਪੂਰਥਲਾ ਦੀ ਸੁਲਤਾਨਪੁਰ ਲੋਧੀ ਸਬ-ਡਵੀਜ਼ਨ ‘ਚ ਐਨਆਰਆਈ ਔਰਤ ਦੀ ਸ਼ੱਕੀ ਹਾਲਾਤ ‘ਚ ਹੋਈ ਮੌਤ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਭਾਰਤ ਆਈ ਮ੍ਰਿਤਕਾ ਦੀ ਮਾਂ ਨੇ ਸਹੁਰਿਆਂ ‘ਤੇ ਕਈ ਗੰਭੀਰ ਦੋਸ਼ ਲਗਾਉਂਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।

ਡੀਐਸਪੀ ਬੱਬਨਦੀਪ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਸਲ ਤੱਥ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਉਣਗੇ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਰਤ ਪਹੁੰਚ ਕੇ ਅਮਰੀਕਾ ਦੀ ਸਿਟੀਜ਼ਨ ਔਰਤ ਨੇ ਆਪਣੇ ਸਹੁਰੇ ਘਰ ਪਹੁੰਚ ਕੇ ਇਕ ਵੀਡੀਓ ਬਣਾ ਕੇ ਪੋਸਟ ਕੀਤੀ ਸੀ।

ਜਾਣਕਾਰੀ ਮੁਤਾਬਕ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਮ੍ਰਿਤਕਾ ਦੀ ਮਾਤਾ ਨਿਰਮਲ ਕੌਰ ਪਤਨੀ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਪਿੰਡ ਮੋਖੇਵਾਲ ਥਾਣਾ ਬਿਲਗਾ ਜ਼ਿਲਾ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਹੁਣ ਯੂਕੇ ਵਿਚ ਰਹਿੰਦੀ ਹੈ। ਉਸ ਦੀ ਲੜਕੀ ਰਾਜਦੀਪ ਕੌਰ ਦਾ ਵਿਆਹ 9 ਸਾਲ ਪਹਿਲਾਂ ਪਿੰਡ ਨਾਨੋ ਮੱਲੀਆਂ ਦੇ ਰਹਿਣ ਵਾਲੇ ਮਨਜਿੰਦਰ ਸਿੰਘ ਨਾਲ ਹੋਇਆ ਸੀ। ਉਸ ਦੀ ਧੀ ਅਤੇ ਜਵਾਈ ਅਮਰੀਕਾ ਵਿਚ ਰਹਿੰਦੇ ਹਨ ਅਤੇ ਦੋਵਾਂ ਦਾ ਇਕ 5 ਸਾਲ ਦਾ ਬੱਚਾ ਹੈ, ਜੋ ਅਮਰੀਕਾ ਵਿਚ ਉਨ੍ਹਾਂ ਨਾਲ ਰਹਿੰਦਾ ਹੈ।

ਨਿਰਮਲ ਕੌਰ ਦੀ ਸ਼ਿਕਾਇਤ ਮੁਤਾਬਕ ਉਸ ਨੂੰ ਜਵਾਈ ਮਨਜਿੰਦਰ ਸਿੰਘ ਦਾ ਫੋਨ ਆਇਆ ਕਿ ਰਾਜਦੀਪ ਕੌਰ ਗੱਲ ਨਹੀਂ ਕਰ ਰਹੀ। ਇਸ ਲਈ ਉਹ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਏ ਹਨ। ਉਸ ਨੇ ਦੱਸਿਆ ਕਿ ਉਸ ਦੀ ਲੜਕੀ ਰਾਜਦੀਪ ਕੌਰ 12 ਜਨਵਰੀ ਨੂੰ ਆਪਣੇ ਸਹੁਰੇ ਪਰਿਵਾਰ ਵਿਆਹ ਸਮਾਗਮ ਲਈ ਆਪਣੇ ਪੰਜ ਸਾਲ ਦੇ ਬੱਚੇ ਨਾਲ ਭਾਰਤ ਆਈ ਸੀ।

ਉਸ ਨੇ ਦੋਸ਼ ਲਾਇਆ ਕਿ ਉਸ ਦੇ ਸਹੁਰੇ ਪਰਿਵਾਰ ਨੇ ਮਿਲੀਭੁਗਤ ਨਾਲ ਉਸ ਨੂੰ ਅਮਰੀਕਾ ਤੋਂ ਭਾਰਤ ਬੁਲਾਇਆ ਸੀ। ਜਦੋਂਕਿ ਭਾਰਤ ਵਿਚ ਸਹੁਰੇ ਪਰਿਵਾਰ ਵਿਚ ਕੋਈ ਨਹੀਂ ਸੀ, ਸਗੋਂ ਉਸ ਦੇ ਜਵਾਈ, ਸੱਸ ਅਤੇ ਸਹੁਰੇ ਨੇ ਮਿਲ ਕੇ ਪਲਾਨਿੰਗ ਕਰਕੇ ਉਸ ਨੂੰ ਭਾਰਤ ਬੁਲਾ ਲਿਆ ਅਤੇ ਉਸ ਦੀ ਧੀ ਦੀ ਤਬੀਅਤ ਖ਼ਰਾਬ ਹੋਣ ’ਤੇ ਉਸ ਨੂੰ ਕਿਸੇ ਹਸਪਤਾਲ ਵਿਚ ਦਾਖ਼ਲ ਵੀ ਨਹੀਂ ਕਰਵਾਇਆ। ਜਦੋਂ ਉਸ ਨੇ ਆਪਣੀ ਧੀ ਰਾਜਦੀਪ ਦੀ ਮੌਤ ਬਾਰੇ ਪੁੱਛਿਆ ਤਾਂ ਉਸ ਦੇ ਸਹੁਰੇ ਮੌਤ ਬਾਰੇ ਵੱਖ-ਵੱਖ ਗੱਲਾਂ ਕਰ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਗੱਲਾਂ ‘ਤੇ ਸ਼ੱਕ ਹੋਣ ਲੱਗਾ।

ਨਿਰਮਲ ਕੌਰ ਨੇ ਦੋਸ਼ ਲਾਇਆ ਕਿ ਇਨ੍ਹਾਂ ਲੋਕਾਂ ਨੇ ਆਪਣੀ ਮਰਜ਼ੀ ਨਾਲ ਉਨ੍ਹਾਂ ਦੀ ਧੀ ਦਾ ਪੋਸਟਮਾਰਟਮ ਕਰਵਾਇਆ, ਜਿਸ ਨਾਲ ਉਹ ਬਿਲਕੁਲ ਸਿਹਮਤ ਨਹੀਂ। ਉਸ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਲੜਕੀ ਦਾ ਬੱਚਾ, ਦਸਤਾਵੇਜ਼ ਅਤੇ ਉਸ ਦਾ ਫੋਨ ਵਾਪਸ ਦਿੱਤਾ ਜਾਵੇ। ਹੁਣ ਜਦੋਂਕਿ ਪੋਸਟਮਾਰਟਮ ਹੋ ਗਿਆ ਹੈ ਤਾਂ ਰਾਜਦੀਪ ਕੌਰ ਦੀ ਲਾਸ਼ ਸਹੁਰੇ ਪਰਿਵਾਰ ਨੂੰ ਨਾ ਦਿੱਤੀ ਜਾਵੇ ਅਤੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

ਥਾਣਾ ਮੋਠਾਂਵਾਲ ਦੇ ਇੰਚਾਰਜ ਏਐਸਆਈ ਦਵਿੰਦਰ ਪਾਲ ਅਨੁਸਾਰ ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਰਾਜਦੀਪ ਕੌਰ 12 ਜਨਵਰੀ ਦੀ ਰਾਤ ਨੂੰ ਆਪਣੇ ਮੁੰਡੇ ਨਾਲ ਸਹੁਰੇ ਪਰਿਵਾਰ ਪਿੰਡ ਨਾਨੋ ਮੱਲੀਆਂ ਵਿਖੇ ਆਈ ਸੀ, ਜਿਥੇ ਉਸ ਦੇ ਸੱਸ-ਸਹੁਰਾ ਰਹਿੰਦੇ ਹਨ।ਸਹੁਰੇ ਵਾਲਿਆਂ ਮੁਤਾਬਕ 19 ਜਨਵਰੀ ਦੀ ਰਾਤ ਨੂੰ ਰਾਜਦੀਪ ਕੌਰ ਤੇ ਉਹ ਵੱਖ-ਵੱਖ ਕਮਰਿਆਂ ਵਿਚ ਸੁੱਤੇ ਸਨ। ਅਗਲੇ ਦਿਨ ਸਵੇਰੇ 4 ਵਜੇ ਜਦੋਂ ਉਹ ਗੁਰਦੁਆਰਾ ਸਾਹਿਬ ਜਾਣ ਲੱਗਾ ਤਾਂ ਉਸ ਨੇ ਰਾਜਦੀਪ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਆਵਾਜ਼ ਨਹੀਂ ਆਈ। ਜਦੋਂ ਉਨ੍ਹਾਂ ਨੇ ਕਮਰੇ ਵਿਚ ਜਾ ਕੇ ਉਸ ਨੂੰ ਹਿਲਾਇਆ ਤਾਂ ਉਸ ਨੇ ਕੋਈ ਹਿਲਜੁਲ ਨਹੀਂ ਕੀਤੀ।

ਏਐਸਆਈ ਦਵਿੰਦਰ ਪਾਲ ਅਨੁਸਾਰ ਰਾਜਦੀਪ ਕੌਰ ਅਮਰੀਕਾ ਦੀ ਨਾਗਰਿਕ ਹੈ ਅਤੇ ਉਸ ਦਾ ਪਤੀ ਅਮਰੀਕਾ ਵਿਚ ਆਰਜ਼ੀ ਹੈ। ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਮ੍ਰਿਤਕਾ ਦਾ ਪੋਸਟਮਾਰਟਮ ਕੀਤਾ ਗਿਆ। ਮ੍ਰਿਤਕਾ ਦੇ ਪੇਕੇ ਅਤੇ ਸਹੁਰੇ ਵਾਲਿਆਂ ਨੂੰ ਚੌਂਕੀ ਬੁਲਾਇਆ ਗਿਆ ਹੈ, ਜਿਥੇ ਲਾਸ਼ ਨੂੰ ਸੌਂਪਣ ਸਬੰਧੀ ਗੱਲਬਾਤ ਕੀਤੀ ਜਾਵੇਗੀ।

ਡੀਐਸਪੀ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਂ ਦੀ ਸ਼ਿਕਾਇਤ ਲੈ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਮਾਂ ਦੇ ਦੋਸ਼ਾਂ ਦੀ ਵੀ ਜਾਂਚ ਕੀਤੀ ਜਾਵੇਗੀ। ਰਾਜਦੀਪ ਕੌਰ ਦੀ ਅਮਰੀਕਾ ਵਿਚ ਕਰੋੜਾਂ ਦੀ ਬੀਮਾ ਪਾਲਿਸੀ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੀ ਇਸ ਬਾਰੇ ਪਤਾ ਲੱਗਾ ਹੈ। ਉਹ ਇਸ ਐਂਗਲ ਤੋਂ ਵੀ ਜਾਂਚ ਕਰਨਗੇ।