ਕਪੂਰਥਲਾ : ਪੈਟਰੋਲ ਪੰਪ ‘ਤੇ ਤੇਲ ਭਰਵਾਉਣ ਲਈ ਲੱਗੀਆਂ ਲੰਬੀਆਂ ਲਾਈਨਾਂ, ਵਾਰੀ ਲਈ ਕਰਨੀ ਪੈ ਰਹੀ ਲੰਬੀ ਉਡੀਕ

0
891

ਕਪੂਰਥਲਾ, 2 ਜਨਵਰੀ | ਕਪੂਰਥਲਾ ‘ਚ ਵੀ ਤੇਲ ਸਪਲਾਈ ਕਰਨ ਵਾਲੇ ਟੈਂਕਰ ਚਾਲਕਾਂ ਦੀ ਹੜਤਾਲ ਦਾ ਅਸਰ ਦਿਖਾਈ ਦੇਣ ਲੱਗਾ ਹੈ। ਮੰਗਲਵਾਰ ਸਵੇਰ ਤੋਂ ਹੀ ਪੈਟਰੋਲ ਪੰਪਾਂ ‘ਤੇ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਲੋਕਾਂ ਨੂੰ ਆਪਣੇ ਵਾਹਨਾਂ ਵਿਚ ਡੀਜ਼ਲ ਭਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।

ਜ਼ਿਲ੍ਹੇ ਦੇ ਕਈ ਪੰਪਾਂ ’ਤੇ ਲੋਕਾਂ ਨੂੰ ਇਕ ਘੰਟੇ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ। ਟਰਾਂਸਪੋਰਟਰਾਂ ਅਤੇ ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਇਹ ਸਥਿਤੀ ਬਣੀ ਹੋਈ ਹੈ। ਕਪੂਰਥਲਾ ਦੇ ਦੋਆਬਾ ਪੈਟਰੋਲ ਪੰਪ ਦੇ ਮਾਲਕ ਅਤੇ ਪੰਜਾਬ ਪੈਟਰੋਲ ਪੰਪ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਦੱਸਿਆ ਕਿ ਸੂਬੇ ਦੇ 4100 ਪੰਪਾਂ ਵਿਚੋਂ ਬੀਤੀ ਰਾਤ ਹੀ 30 ਫੀਸਦੀ ਪੰਪ ਖਾਲੀ ਹੋ ਗਏ ਸਨ।
ਕਈ ਪੈਟਰੋਲ ਪੰਪਾਂ ‘ਤੇ ਸਿਰਫ ਇਕ ਦਿਨ ਦਾ ਹੀ ਤੇਲ ਬਚਿਆ ਹੈ, ਜਿਸ ਨੂੰ ਅੱਜ ਸ਼ਾਮ ਤੱਕ ਵੇਚ ਦਿੱਤਾ ਜਾਵੇਗਾ। ਜੇ ਟਰਾਂਸਪੋਰਟਰਾਂ ਦੀ ਹੜਤਾਲ ਖਤਮ ਨਾ ਹੋਈ ਤਾਂ ਹਾਲਾਤ ਹੋਰ ਵਿਗੜ ਸਕਦੇ ਹਨ।

ਦੱਸ ਦਈਏ ਕਿ ਹਿੱਟ ਐਂਡ ਰਨ ਕਾਨੂੰਨ ਖਿਲਾਫ ਪੰਜਾਬ ਦੇ ਟਰਾਂਸਪੋਰਟਰ ਅਤੇ ਟਰੱਕ ਡਰਾਈਵਰ 30 ਦਸੰਬਰ ਤੋਂ ਹੜਤਾਲ ‘ਤੇ ਚਲੇ ਗਏ ਹਨ, ਜਿਸ ਕਾਰਨ ਪਿਛਲੇ ਤਿੰਨ ਦਿਨਾਂ ਤੋਂ ਕਿਸੇ ਵੀ ਪੰਪ ‘ਤੇ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਨਹੀਂ ਪਹੁੰਚੀ ਹੈ।