ਕਪੂਰਥਲਾ : ਅੰਤਰਰਾਜੀ ਨਸ਼ਾ ਸਮੱਗਲਿੰਗ ਨਾਕਾਮ, 3.75 ਕੁਇੰਟਲ ਭੁੱਕੀ ਸਮੇਤ 4 ਸਮੱਗਲਰ ਗ੍ਰਿਫਤਾਰ

0
2409

ਕਪੂਰਥਲਾ | ਮੱਧ ਪ੍ਰਦੇਸ਼ ਤੋਂ ਨਸ਼ਿਆਂ ਦੀ ਇਕ ਵੱਡੀ ਖੇਪ ਸੂਬੇ ਵਿੱਚ ਲਿਆਉਣ ਦੀ ਕੋਸ਼ਿਸ਼ ਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ ਹੈ। ਇਕ ਟਰੱਕ ਵਿੱਚ ਛੁਪਾਈ 3.75 ਕੁਇੰਟਲ ਭੁੱਕੀ ਬਰਾਮਦ ਕਰਕੇ 4 ਨਸ਼ਾ ਸਮੱਗਲਰਾਂ ਨੂੰ ਕਾਬੂ ਕੀਤਾ ਗਿਆ ਹੈ।

ਫੜੇ ਗਏ ਆਰੋਪੀਆਂ ਦੀ ਪਛਾਣ ਪਿਆਰਾ ਲਾਲ ਵਾਸੀ ਜੱਕੋਪੁਰ, ਸੁਰਿੰਦਰ ਵਾਸੀ ਸਬੂਵਾਲ ਜਲੰਧਰ, ਜਸਬੀਰ ਸਿੰਘ ਕਾਲਾ ਤੇ ਦੀਦਾਰ ਸਿੰਘ ਵਾਸੀ ਸੈਂਚਾ ਕਪੂਰਥਲਾ ਵਜੋਂ ਹੋਈ ਹੈ।

ਸੀਨੀਅਰ ਪੁਲਿਸ ਕਪਤਾਨ (ਐੱਸਐੱਸਪੀ) ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਕਪੂਰਥਲਾ ਵਿੱਚ ਸਰਗਰਮ ਨਸ਼ਾ ਸਮੱਗਲਰਾਂ ਦੀਆਂ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖ ਰਹੀ ਹੈ।

ਇਸ ਲਈ ਵਿਸ਼ੇਸ਼ ਚੈਕਿੰਗ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਐੱਸਐੱਚਓ ਥਾਣਾ ਤਲਵੰਡੀ ਚੌਧਰੀਆਂ ਜਰਨੈਲ ਸਿੰਘ ਦੀ ਅਗਵਾਈ ਹੇਠ ਇਕ ਟੀਮ ਗੁਪਤ ਸੂਚਨਾ ਦੇ ਅਧਾਰ ‘ਤੇ ਕਪੂਰਥਲਾ-ਸੁਲਤਾਨਪੁਰ ਲੋਧੀ ਮੁੱਖ ਮਾਰਗ ‘ਤੇ ਗਸ਼ਤ ਕਰ ਰਹੀ ਸੀ।

ਪੁਲਿਸ ਟੀਮ ਨੇ ਨਾਕੇ ‘ਤੇ ਪੀਬੀ 06 ਜੀ 6777 ਨੰਬਰ ਵਾਲੇ ਇਕ ਟਰੱਕ ਨੂੰ ਰੋਕ ਕੇ ਉਸ ਵਿੱਚ ਬਣਾਏ ਵਿਸ਼ੇਸ਼ ਡੱਬੇ ਵਿੱਚ ਛੁਪਾ ਕੇ ਰੱਖੀ 3.75 ਕੁਇੰਟਲ ਭੁੱਕੀ ਬਰਾਮਦ ਕੀਤੀ।

ਉਨ੍ਹਾਂ ਦੱਸਿਆ ਕਿ ਭੁੱਕੀ ਨੂੰ ਛੁਪਾਉਣ ਲਈ ਬਣਾਇਆ ਗੁਪਤ ਡੱਬਾ ਉਪਰੋਂ ਦੇਖਣ ਨੂੰ ਇਕ ਆਮ ਟਰੱਕ ਦੇ ਫਰਸ਼ ਵਰਗਾ ਲੱਗਦਾ ਸੀ ਤੇ ਇਸ ‘ਤੇ ਬਾਸਮਤੀ ਚੌਲਾਂ ਦੀਆਂ 350 ਬੋਰੀਆਂ ਰੱਖੀਆਂ ਗਈਆਂ ਸਨ।

ਤਲਾਸ਼ੀ ਦੌਰਾਨ ਪੁਲਿਸ ਟੀਮ ਨੂੰ ਟਰੱਕ ਵਿੱਚ ਛੁਪੇ ਹੋਏ ਨੱਟ ਤੇ ਬੋਲਟ ਮਿਲੇ, ਜਿਨ੍ਹਾਂ ਨੂੰ ਖੋਲ੍ਹਣ ‘ਤੇ 25 ਬੋਰੀਆਂ (15/15 ਕਿਲੋਗ੍ਰਾਮ) ਭੁੱਕੀ ਬਰਾਮਦ ਹੋਈ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਆਰੋਪੀ ਐੱਮ.ਪੀ. ਤੋਂ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਲੈ ਕੇ ਆਇਆ ਸੀ। ਉਨ੍ਹਾਂ ਦੱਸਿਆ ਕਿ ਆਰੋਪੀਆਂ ਖਿਲਾਫ਼ ਧਾਰਾ 15 (ਸੀ), 25, 29, 61/85 ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਆਰੋਪੀਆਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਤੇ ਰੈਕੇਟ ਦੇ ਬਾਕੀ ਮੈਂਬਰਾਂ ਨੂੰ ਕਾਬੂ ਕੀਤਾ ਜਾਵੇਗਾ।