ਕਪੂਰਥਲਾ ਬੇਅਦਬੀ ਮਾਮਲਾ : ਭੁੱਖਾ ਨੌਜਵਾਨ ਖੁੱਲ੍ਹੇ ਗੇਟ ਰਾਹੀਂ ਗੁਰਦੁਆਰਾ ਸਾਹਿਬ ਆਇਆ ਸੀ, ਰਾਤ ਦੀ ਰੋਟੀ ਵੀ ਖਾਧੀ

0
2459

ਕਪੂਰਥਲਾ | ਐਤਵਾਰ ਨੂੰ ਪਿੰਡ ਨਿਜ਼ਾਮਪੁਰ ਦੇ ਗੁਰਦੁਆਰਾ ਸਾਹਿਬ ’ਚ ਬੇਅਦਬੀ ਦੇ ਸ਼ੱਕ ’ਚ ਭੀੜ ਵੱਲੋਂ ਕੁੱਟ-ਕੁੱਟ ਕੇ ਮਾਰ ਦਿੱਤੇ ਗਏ ਨੌਜਵਾਨ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਪਰ ਪੁਲਿਸ ਜਾਂਚ ’ਚ ਕਈ ਨਵੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ।

ਪੁਲਿਸ ਸੂਤਰਾਂ ਮੁਤਾਬਕ ਮ੍ਰਿਤਕ ਐਤਵਾਰ ਸਵੇਰੇ 4 ਵਜੇ ਗੁਰਦੁਆਰਾ ਸਾਹਿਬ ਦਾ ਗੇਟ ਖੁੱਲ੍ਹਣ ਤੋਂ ਬਾਅਦ ਅੰਦਰ ਦਾਖ਼ਲ ਹੋਇਆ ਸੀ। ਉਹ ਭੁੱਖਾ ਸੀ ਤੇ ਰੋਟੀ ਦੀ ਤਲਾਸ਼ ’ਚ ਅੰਦਰ ਚਲਾ ਗਿਆ ਤੇ ਰਾਤ ਦੀ ਰੋਟੀ ਵੀ ਖਾਧੀ।

ਗੁਰਦੁਆਰਾ ਸਾਹਿਬ ਦੇ ਅੰਦਰ ਅਜੀਬ ਕੱਪੜਿਆਂ ’ਚ ਆਏ ਇਸ ਨੌਜਵਾਨ ਨੂੰ ਦੇਖ ਕੇ ਲੋਕ ਹੈਰਾਨ ਸਨ। ਨੌਜਵਾਨ ਨੇ ਡਰ ਦੇ ਮਾਰੇ ਭੱਜਣ ਦਾ ਯਤਨ ਕੀਤਾ ਪਰ ਬੇਅਦਬੀ ਦੇ ਸ਼ੱਕ ’ਚ ਉਸ ਨੂੰ ਫੜ ਲਿਆ ਗਿਆ। ਬਾਅਦ ’ਚ ਭੜਕੀ ਭੀੜ ਨੇ ਉਸ ਨੂੰ ਮਾਰ ਦਿੱਤਾ। ਹਾਲਾਂਕਿ ਪੁਲਿਸ ਅਧਿਕਾਰੀ ਇਸ ਸਬੰਧੀ ਕੁਝ ਵੀ ਕਹਿਣ ਤੋਂ ਬਚ ਰਹੇ ਹਨ।

ਉਧਰ ਪਿੰਡ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਕੋਲੋਂ ਕੁਝ ਬੱਚਿਆਂ ਦੇ ਆਈਡੀ ਕਾਰਡ ਮਿਲੇ ਸਨ, ਉਨ੍ਹਾਂ ਬਾਰੇ ਪਤਾ ਕੀਤਾ ਗਿਆ ਤਾਂ ਬੱਚਿਆਂ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਕਾਰਡ ਪੁਰਾਣੇ ਹੋਣ ਕਾਰਨ ਉਨ੍ਹਾਂ ਨੇ ਸੁੱਟ ਦਿੱਤੇ ਸਨ।

ਮ੍ਰਿਤਕ ਦੇ ਫਿੰਗਰਪ੍ਰਿੰਟਸ ਲਏ ਗਏ : SSP

ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਮੰਗਲਵਾਰ ਨੂੰ ਮ੍ਰਿਤਕ ਨੌਜਵਾਨ ਦੇ ਫਿੰਗਰਪ੍ਰਿੰਟਸ ਲਏ ਗਏ ਹਨ ਤਾਂ ਕਿ ਆਧਾਰ ਕਾਰਡ ਨਾਲ ਲਿੰਕ ਕਰਕੇ ਮ੍ਰਿਤਕ ਦੀ ਪਛਾਣ ਕੀਤੀ ਜਾ ਸਕੇ।

ਲਾਸ਼ ਦਾ ਬੁੱਧਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ। ਉੱਥੇ ਵਾਇਰਲ ਵੀਡੀਓ ਬਾਰੇ ਉਨ੍ਹਾਂ ਕਿਹਾ ਕਿ ਇਸ ਨੂੰ ਦੇਖ ਕੇ ਲੱਗਦਾ ਹੈ ਕਿ ਨੌਜਵਾਨ ਦਿਮਾਗੀ ਤੌਰ ’ਤੇ ਪੂਰੀ ਤਰ੍ਹਾਂ ਠੀਕ ਨਹੀਂ ਸੀ।