ਕਪੂਰਥਲਾ| ਸ਼ਹਿਰ ਦੇ ਰਮਣੀਕ ਚੌਕ ਨੇੜੇ ਦੇਰ ਰਾਤ ਇੱਕ ਤੇਜ਼ ਰਫ਼ਤਾਰ ਕ੍ਰੇਟਾ ਕਾਰ ਇੱਕ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਚਾਲਕ ਪੁਲਿਸ ਮੁਲਾਜ਼ਮ ਆਕਾਸ਼ਦੀਪ (27) ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਾਰ ‘ਚ ਸਵਾਰ ਉਸ ਦਾ ਸਾਥੀ ਯੁੱਧਵੀਰ ਗੰਭੀਰ ਜ਼ਖਮੀ ਹੋ ਗਿਆ। ਯੁੱਧਵੀਰ ਕੱਲ ਹੀ ਵਿਦੇਸ਼ ਤੋਂ ਪਰਤਿਆ ਸੀ। ਉਸ ਦਾ ਲੁਧਿਆਣਾ ਦੇ ਡੀਐਮਸੀ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਪੁਲਿਸ ਮੁਲਾਜ਼ਮ ਆਕਾਸ਼ਦੀਪ ਸਾਲ 2019 ਵਿੱਚ ਆਪਣੇ ਪਿਤਾ ਦੀ ਥਾਂ ਪੁਲਿਸ ਵਿਭਾਗ ਵਿੱਚ ਭਰਤੀ ਹੋਇਆ ਸੀ। ਉਹ ਆਮ ਆਦਮੀ ਪਾਰਟੀ ਦੇ ਆਗੂ ਜੋਗਿੰਦਰ ਮਾਨ ਲਈ ਗੰਨਮੈਨ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਦੇ ਗੰਨਮੈਨ ਵਜੋਂ ਵੀ ਕੰਮ ਕਰ ਚੁੱਕਾ ਹੈ।
ਦੱਸਿਆ ਗਿਆ ਹੈ ਕਿ ਪੁਲਿਸ ਮੁਲਾਜ਼ਮ ਅਕਾਸ਼ਦੀਪ (27) ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਕੋਕਲ ਪੁਰ, ਹਾਲ ਥਾਣਾ ਸਦਰ ਕਾਲੋਨੀ ਬੀਤੀ ਰਾਤ ਕਰੀਬ 2 ਵਜੇ ਆਪਣੇ ਦੋਸਤ ਯੁੱਧਵੀਰ ਨਾਲ ਆਪਣੀ ਕ੍ਰੇਟਾ ਕਾਰ ‘ਚ ਕਿਧਰੇ ਤੋਂ ਆ ਰਿਹਾ ਸੀ। ਉਸ ਦੀ ਕਾਰ ਬੇਕਾਬੂ ਹੋ ਕੇ ਰਮਨੀਕ ਚੌਕ ਨੇੜੇ ਦਰੱਖਤ ਨਾਲ ਜਾ ਟਕਰਾਈ। ਹਾਦਸੇ ਵਿੱਚ ਗੱਡੀ ਪਲਟ ਗਈ।
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਚਾਲਕ ਅਕਾਸ਼ਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦੇ ਸਾਥੀ ਯੁੱਧਵੀਰ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਬਾਅਦ ਵਿਚ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਰੈਫਰ ਕਰ ਦਿੱਤਾ। ਉਸ ਦਾ ਲੁਧਿਆਣਾ ਦੇ ਡੀਐਮਸੀ ਵਿੱਚ ਇਲਾਜ ਚੱਲ ਰਿਹਾ ਹੈ।
ਪਤਾ ਲੱਗਾ ਹੈ ਕਿ ਅਕਾਸ਼ਦੀਪ ਦਾ ਦੋਸਤ ਯੁੱਧਵੀਰ ਕੱਲ੍ਹ ਦੁਪਹਿਰ ਹੀ ਵਿਦੇਸ਼ ਤੋਂ ਵਾਪਸ ਆਇਆ ਸੀ। ਰਾਤ ਸਮੇਂ ਵਾਪਰੇ ਇਸ ਭਿਆਨਕ ਹਾਦਸੇ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਮੌਕੇ ‘ਤੇ ਪਹੁੰਚੀ ਪੀ.ਸੀ.ਆਰ ਟੀਮ ਅਤੇ ਸਿਟੀ ਪੁਲਿਸ ਮੁਲਾਜ਼ਮਾਂ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।