ਗੁਰਦਾਸਪੁਰ (ਜਸਵਿੰਦਰ ਬੇਦੀ) | ਪਿੰਡ ਜਫ਼ਰਵਾਲ ਵਿੱਚ ਇਕ ਕਲਯੁੱਗੀ ਪੁੱਤ ਨੇ ਜ਼ਮੀਨ ਦੇ ਚੱਕਰ ‘ਚ ਆਪਣੇ ਬਜ਼ੁਰਗ ਪਿਤਾ ਨੂੰ ਕਰੰਟ ਲਾ ਕੇ ਬੇਰਹਿਮੀ ਨਾਲ ਮਾਰ ਦਿੱਤਾ ਤੇ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਲਈ ਰਾਤ ਨੂੰ ਹੀ ਸੰਸਕਾਰ ਕਰ ਦਿੱਤਾ।
ਵੱਡੇ ਭਰਾ ਨੇ ਸ਼ੱਕ ਹੋਣ ਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਕੀਤਾ ਦਰਜ ਕਰ ਲਿਆ ਹੈ। ਜਾਂਚ-ਪੜਤਾਲ ਕਰਨ ਲਈ ਆਰੋਪੀ ਨੂੰ ਘਟਨਾ ਵਾਲੀ ਥਾਂ ਤੇ ਲਿਆਂਦਾ ਗਿਆ ਤਾਂ ਉਸ ਨੇ ਗੁਨਾਹ ਕਬੂਲ ਕਰ ਲਿਆ।
ਮ੍ਰਿਤਕ ਤਰਸੇਮ ਸਿੰਘ ਦੇ ਵੱਡੇ ਪੁੱਤਰ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਛੋਟੇ ਭਰਾ ਹਰਪਾਲ ਸਿੰਘ ਨੇ ਹੀ ਪਿਤਾ ਨੂੰ ਕਰੰਟ ਲਾ ਕੇ ਬੇਰਹਿਮੀ ਨਾਲ ਮਾਰਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ 12 ਏਕੜ ਦੇ ਕਰੀਬ ਜ਼ਮੀਨ ਸੀ, ਜੋ ਸਾਡੇ ਦੋਵਾਂ ਵਿੱਚ ਵੰਡ ਦਿੱਤੀ ਸੀ।
ਪਿਤਾ ਮੇਰੇ ਕੋਲ ਮੋਹਾਲੀ ਰਹਿੰਦਾ ਸੀ, ਪਿਛਲੇ ਕੁਝ ਦਿਨਾਂ ਤੋਂ ਉਹ ਛੋਟੇ ਭਰਾ ਕੋਲ ਪਿੰਡ ਆਇਆ ਸੀ। ਭਰਾ ਉਸ ਨੂੰ ਰੋਟੀ ਨਹੀਂ ਦਿੰਦਾ ਸੀ ਅਤੇ ਪਿਤਾ ਨਾਲ ਲੜਾਈ-ਝਗੜਾ ਕਰਦਾ ਸੀ, ਜਿਸ ਕਰਕੇ ਪਿਤਾ ਨੇ ਇਸ ਨੂੰ ਦਬਕਾ ਮਾਰਿਆ ਕਿ ਉਹ ਜ਼ਮੀਨ ਦੀ ਰਜਿਸਟਰੀ ਤੁੜਵਾ ਕੇ ਜ਼ਮੀਨ ਫਿਰ ਆਪਣੇ ਨਾਂ ਕਰਵਾ ਲਵੇਗਾ, ਜਿਸ ਕਰਕੇ ਜ਼ਮੀਨ ਦੇ ਚੱਕਰ ‘ਚ ਉਸ ਨੇ ਪਿਤਾ ਨੂੰ ਰਾਤ ਨੂੰ ਸੁੱਤੇ ਪਏ ਨੂੰ ਕਰੰਟ ਲਗਾ ਦਿੱਤਾ।
ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਰਾਤ ਨੂੰ ਹੀ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਤੇ ਬਾਅਦ ਵਿੱਚ ਭਰਾ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਪਿਤਾ ਨੂੰ ਸੱਪ ਨੇ ਕੱਟ ਲਿਆ ਹੈ। ਇਸ ਲਈ ਉਸ ਦੀ ਮੌਤ ਹੋ ਗਈ। ਜਦ ਉਸ ਨੇ ਇਸ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਸ ਨੂੰ ਭਰਾ ਨੇ ਹੀ ਕਰੰਟ ਲਗਾ ਕੇ ਮਾਰਿਆ ਹੈ, ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ।
ਪੁਲਿਸ ਨੇ ਮਾਮਲਾ ਦਰਜ ਕਰਕੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ।
ਐੱਸਐੱਚਓ ਅਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਪੁੱਤਰ ਨੇ ਆਪਣੇ ਪਿਤਾ ਦਾ ਜ਼ਮੀਨ ਨੂੰ ਲੈ ਕੇ ਕਤਲ ਕਰ ਦਿੱਤਾ ਹੈ ਅਤੇ ਵੱਡੇ ਭਰਾ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਸ ਦੇ ਭਰਾ ਨੇ ਪਿਤਾ ਦਾ ਕਤਲ ਕੀਤਾ ਹੈ, ਜਿਸ ਤੇ ਕਾਰਵਾਈ ਕਰਦਿਆਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੋਸ਼ੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਦੋਸ਼ੀ ਨੂੰ ਘਟਨਾ ਸਥਾਨ ਤੇ ਲਿਆਂਦਾ ਗਿਆ ਹੈ ਕਿ ਪਤਾ ਲਗਾਇਆ ਜਾ ਸਕੇ ਕਿ ਉਸ ਨੇ ਘਟਨਾ ਨੂੰ ਕਿਵੇਂ ਅੰਜਾਮ ਦਿੱਤਾ ਸੀ। ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)