ਨਹੀਂ ਰਹੇ ਜਥੇਦਾਰ ਸੇਵਾ ਸਿੰਘ ਸੇਖਵਾਂ, ਚੰਡੀਗੜ੍ਹ ਦੇ ਪ੍ਰਾਈਵੇਟ ਹਸਪਤਾਲ ‘ਚ ਲਿਆ ਆਖਰੀ ਸਾਹ

0
1038

ਚੰਡੀਗੜ੍ਹ | ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਚੰਡੀਗੜ੍ਹ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹ 71 ਸਾਲਾਂ ਦੇ ਸਨ। ਜਥੇਦਾਰ ਸੇਖਵਾਂ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ।

ਦੱਸਣਯੋਗ ਹੈ ਕਿ ਬੀਤੇ ਅਗਸਤ ਮਹੀਨੇ ਵਿੱਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ‘ਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ।

ਜਥੇਦਾਰ ਸੇਖਵਾਂ 1997 ਤੋਂ 2002 ਤੱਕ ਪ੍ਰਕਾਸ਼ ਸਿੰਘ ਬਾਦਲ ਕੈਬਨਿਟ ਵਿੱਚ ਮਾਲ, ਮੁੜ ਵਸੇਬਾ ਅਤੇ ਲੋਕ ਸੰਪਰਕ ਮੰਤਰੀ ਰਹੇ। ਇਸ ਤੋਂ ਇਲਾਵਾ ਉਹ 2009 ਤੋਂ 2012 ਤੱਕ ਬਾਦਲ ਮੰਤਰੀ ਮੰਡਲ ਵਿੱਚ ਸਿੱਖਿਆ ਮੰਤਰੀ ਵੀ ਰਹੇ।

ਸ. ਸੇਖਵਾ ਨੇ 2018 ਵਿੱਚ ਸ਼੍ਰੋਮਣੀ ਅਕਾਲੀ ਦਲ ਛੱਡ ਦਿੱਤਾ ਸੀ। ਇਸ ਤੋਂ ਬਾਅਦ ਜਥੇਦਾਰ ਸੇਖਵਾਂ, ਸਾਬਕਾ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਾਬਕਾ ਸੰਸਦ ਮੈਂਬਰ ਰਤਨ ਸਿੰਘ ਅਜਨਾਲਾ ਨੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਗਠਨ ਕੀਤਾ।

ਪਿਛਲੇ ਸਾਲ ਉਹ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਵਿੱਚ ਚਲੇ ਗਏ ਸਨ।