ਸ੍ਰੀ ਅਕਾਲ ਤਖਤ ਦੇ ਜਥੇਦਾਰ ਦਾ ਸੂਬਾ ਸਰਕਾਰ ਨੂੰ ਅਲਟੀਮੇਟਮ, 24 ਘੰਟਿਆਂ ‘ਚ ਰਿਹਾਅ ਕੀਤੇ ਜਾਣ ਸਾਰੇ ਨੌਜਵਾਨ

0
1378

ਅੰਮ੍ਰਿਤਸਰ| ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਜਾਬ ਸਰਕਾਰ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਗਲੇ 24 ਘੰਟਿਆਂ ਦੇ ਅੰਦਰ-ਅੰਦਰ ਸਾਰੇ ਸਿੱਖ ਨੌਜਵਾਨ ਰਿਹਾਅ ਕੀਤੇ ਜਾਣ। ਇਸ ਦੇ ਨਾਲ ਹੀ ਜਥੇਦਾਰ ਨੇ ਕਿਹਾ ਹੈ ਕਿ ਜੇਕਰ ਸਰਕਾਰ ਸਿੱਖ ਨੌਜਵਾਨਾਂ ਨੂੰ ਰਿਹਾਅ ਨਹੀਂ ਕਰਦੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਵਹੀਰਾਂ ਕੱਢ ਕੇ ਪੂਰੀ ਦੁਨੀਆ ਨੂੰ ਦੱਸਿਆ ਜਾਏਗਾ ਕਿ ਸਿੱਖਾਂ ਨਾਲ ਵਧੀਕੀਆਂ ਹੋ ਰਹੀਆਂ ਹਨ।

ਦੱਸ ਦਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਮੀਟਿੰਗ ਬੁਲਾਈ ਗਈ ਸੀ। ਇਸ ਮੀਟਿੰਗ ਵਿੱਚ 60 ਤੋਂ 70 ਸਿੱਖ ਜਥੇਬੰਦੀਆਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਗਿਆ ਸੀ। ਇਸ ਵਿੱਚ ਜਥੇਬੰਦੀਆਂ ਦੇ ਮੈਂਬਰਾਂ ਦੇ ਨਾਲ-ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਚਐਸਜੀਪੀਸੀ) ਦੇ ਮੈਂਬਰ ਵੀ ਪੁੱਜੇ ਹਨ।

27 ਮਾਰਚ ਨੂੰ ਬੁਲਾਈ ਗਈ ਸੀ ਮੀਟਿੰਗ

ਜ਼ਿਕਰ ਕਰ ਦਈਏ ਕਿ ਇਸ ਮੀਟਿੰਗ ਵਿੱਚ ਕੋਈ ਵੀ ਸਿਆਸੀ ਜਮਾਤ ਦਾ ਪ੍ਰਤੀਨਿਧ ਨਹੀਂ ਸੱਦਿਆ ਗਿਆ। ਉਨ੍ਹਾਂ ਇਸ ਸਬੰਧ ਵਿੱਚ ਸਿੱਖ ਸੰਗਤ ਕੋਲੋਂ ਵੀ ਸੁਝਾਅ ਮੰਗੇ ਹਨ। ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੁਲਾਈ ਗਈ ਮੀਟਿੰਗ ਉਪਰ ਸਭ ਦੀਆਂ ਨਜ਼ਰਾਂ ਹਨ। ਸਰਕਾਰ ਵੀ ਇਸ ਮੀਟਿੰਗ ਉੱਪਰ ਨਜ਼ਰ ਰੱਖ ਰਹੀ ਹੈ।

ਜਥੇਦਾਰ ਨੇ ਕਿਹਾ ਕਿ ਪੁਲਿਸ ਅੰਮ੍ਰਿਤਪਾਲ ਬਾਰੇ ਸੋਸ਼ਲ ਮੀਡੀਆ ’ਤੇ ਕੁਝ ਵੀ ਸਾਂਝਾ ਕਰਨ ਵਾਲਿਆਂ ਦੇ ਘਰਾਂ ਵਿੱਚ ਵੀ ਜਾ ਰਹੀ ਹੈ ਜੋ ਵਿਚਾਰਾਂ ਦੀ ਆਜ਼ਾਦੀ ’ਤੇ ਹਮਲਾ ਹੈ। ਉਨ੍ਹਾਂ ਕਿਹਾ  ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੁਲਿਸ ਨੂੰ ਅਜਿਹੀ ਕਾਰਵਾਈ ਕਰਨ ਤੋਂ ਰੋਕੇ।