ਸ੍ਰੀ ਦਮਦਮਾ ਸਾਹਿਬ | ਵਿਸਾਖੀ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਿੱਖ ਕੌਮ ਦੇ ਨਾਂ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਅੱਜ ਦੇ ਦਿਨ ਖਾਲਸੇ ਦੇ ਹੱਥ ਵਿਚ ਤਲਵਾਰ ਫੜਾਈ। ਜੰਗ ਹੌਸਲੇ ਤੇ ਹਿੰਮਤ ਨਾਲ ਲੜੀ ਜਾਂਦੀ ਹੈ। ਸਾਡੇ ਗੁਰੂਆਂ ਨੇ ਸ਼ਸਤਰਾਂ ਨੂੰ ਪੀਰ ਕਹਿ ਕੇ ਨਿਵਾਜਿਆ।
ਅੱਜ ਤਲਵੰਡੀ ਸਾਬੋ ਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਗਤਾਂ ਨਤਮਸਤਕ ਹੋਈਆਂ। ਇਸ ਦੌਰਾਨ ਸਿੱਖ ਕੌਮ ਦੇ ਨਾਮ ਸੰਦੇਸ਼ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਹਰ ਸਿੱਖ ਨੂੰ ਆਪਣੇ ਘਰ ਕਿਰਪਾਨ ਜ਼ਰੂਰ ਰੱਖਣੀ ਚਾਹੀਦੀ ਹੈ। ਇਸ ਦਿਨ ਗੁਰੂ ਜੀ ਨੇ ਖਾਲਸੇ ਦੇ ਹੱਥ ਵਿਚ ਕਿਰਪਾਨ ਦਿੱਤੀ ਸੀ। ਦੂਜੇ ਪਾਸੇ ਜਥੇਦਾਰ ਨੇ ਕਿਹਾ ਕਿ ਪੰਜਾਬ ਵਿੱਚ ਕੋਈ ਗੜਬੜ ਨਹੀਂ ਹੈ, ਇੱਥੇ ਅਮਨ-ਸ਼ਾਂਤੀ ਹੈ ਪਰ ਕੁਝ ਤਾਕਤਾਂ ਪੰਜਾਬ ਵਿੱਚ ਗੜਬੜ ਦੀਆਂ ਅਫਵਾਹਾਂ ਫੈਲਾ ਰਹੀਆਂ ਹਨ। ਮੁਸੀਬਤ ਤਾਂ ਉਦੋਂ ਹੁੰਦੀ ਜਦੋਂ ਸੂਬੇ ਵਿੱਚ ਭਾਈਚਾਰਕ ਸਾਂਝ ਦਾ ਮਾਹੌਲ ਟੁੱਟਦਾ ਤੇ ਲੋਕ ਆਪਸ ਵਿੱਚ ਲੜਦੇ ਪਰ ਪੰਜਾਬ ਵਿੱਚ ਅਜਿਹਾ ਕੁਝ ਨਹੀਂ ਹੋਇਆ। ਪੰਜਾਬ ਵਿੱਚ ਸਾਰੇ ਭਾਈਚਾਰਿਆਂ ਵਿੱਚ ਭਾਈਚਾਰਕ ਸਾਂਝ ਕਾਇਮ ਹੈ।