ਜੰਡਿਆਲਾ ਜੁਲਰੀ ਸ਼ਾਪ ਫਾਇਰਿੰਗ ਮਾਮਲਾ: ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਕਾਮਯਾਬੀ, ਚਾਰ ਮੁਲਜ਼ਮ ਗ੍ਰਿਫ਼ਤਾਰ

0
325

ਅੰਮ੍ਰਿਤਸਰ, 10 ਜਨਵਰੀ | ਐਸਐਸਪੀ ਸੋਹੇਲ ਮੀਰ ਦੀ ਅਗਵਾਈ ਹੇਠ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਜੰਡਿਆਲੇ ਦੇ ਵਾਲਮੀਕੀ ਚੌਂਕ ਵਿਖੇ ਹੋਈ ਜੁਲਰੀ ਸ਼ਾਪ ਫਾਇਰਿੰਗ ਦੀ ਘਟਨਾ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਸੋਹੇਲ ਮੀਰ ਨੇ ਦੱਸਿਆ ਕਿ 5 ਜਨਵਰੀ ਨੂੰ ਜੰਡਿਆਲਾ ਦੇ ਵੱਡੇ ਬਾਜ਼ਾਰ ਵਿੱਚ ਸਥਿਤ ਸੋਨੂ ਜੈਵੱਲਰੀ ਦੁਕਾਨ ਦੇ ਬਾਹਰ ਦਿਨ ਦਿਹਾੜੇ ਦੋ ਨਕਾਬਪੋਸ਼ ਨੌਜਵਾਨ ਮੋਟਰਸਾਈਕਲ ’ਤੇ ਆਏ ਅਤੇ ਫਾਇਰਿੰਗ ਕਰਕੇ ਫਰਾਰ ਹੋ ਗਏ ਸਨ।

ਫਾਇਰਿੰਗ ਦੌਰਾਨ ਦੁਕਾਨ ਦਾ ਕਾਂਚ ਟੁੱਟ ਗਿਆ, ਹਾਲਾਂਕਿ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ। ਪਰ ਭੀੜਭਾੜ ਵਾਲੇ ਇਲਾਕੇ ਵਿੱਚ ਦਿਨ ਦਿਹਾੜੇ ਹੋਈ ਫਾਇਰਿੰਗ ਕਾਰਨ ਲੋਕਾਂ ਵਿੱਚ ਭਾਰੀ ਦਹਿਸ਼ਤ ਫੈਲ ਗਈ ਸੀ।

ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਇਸ ਮਾਮਲੇ ਵਿੱਚ ਐਫਆਈਆਰ ਨੰਬਰ 7 ਧਾਰਾ 109 ਬੀਐਨਐਸ (ਕਤਲ ਦੀ ਕੋਸ਼ਿਸ਼) ਅਤੇ ਆਰਮਜ਼ ਐਕਟ ਤਹਿਤ ਦਰਜ ਕੀਤੀ ਗਈ। ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀਐਸਪੀ ਜੰਡਿਆਲਾ, ਡੀਐਸਪੀ (ਡੀ) ਅਤੇ ਐਸਐਚਓ ਜੰਡਿਆਲਾ ਦੀ ਅਗਵਾਈ ਹੇਠ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ।

ਲਗਾਤਾਰ ਜਾਂਚ ਅਤੇ ਤਕਨੀਕੀ ਇਨਪੁੱਟ ਦੇ ਆਧਾਰ ’ਤੇ ਪੁਲਿਸ ਨੇ ਦੋ ਤੋਂ ਤਿੰਨ ਦਿਨਾਂ ਦੇ ਅੰਦਰ ਮੁਲਜ਼ਮਾਂ ਦੀ ਪਛਾਣ ਕਰ ਲਈ। ਪਹਿਲਾਂ ਤਰਨ ਤਾਰਨ ਦੇ ਰਹਿਣ ਵਾਲੇ ਕਾਵਿਸ਼ ਅਤੇ ਮਹਿਰਵੀਰ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਫਾਇਰਿੰਗ ਤੋਂ ਪਹਿਲਾਂ ਰੇਕੀ ਕਰਨ ਅਤੇ ਵਾਰਦਾਤ ਲਈ ਮੋਟਰਸਾਈਕਲ ਮੁਹੱਈਆ ਕਰਵਾਉਣ ਦੀ ਗੱਲ ਕਬੂਲ ਕੀਤੀ।

ਇਸ ਤੋਂ ਬਾਅਦ ਮੁੱਖ ਸ਼ੂਟਿੰਗ ਮੋਡੀਊਲ ਨਾਲ ਜੁੜੇ ਦੋ ਹੋਰ ਮੁਲਜ਼ਮਾਂ ਆਕਾਸ਼ ਦੇਸ਼ਪਾਲ ਉਰਫ਼ ਵਿਸ਼ਾਲਦੀਪ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲੀ। ਪੁਲਿਸ ਵੱਲੋਂ ਸ਼ੱਕੀ ਮੋਟਰਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੁਲਜ਼ਮਾਂ ਨੇ ਪੁਲਿਸ ’ਤੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਦੌਰਾਨ ਆਕਾਸ਼ ਦੇਸ਼ਪਾਲ ਦੀ ਲੱਤ ਵਿੱਚ ਗੋਲੀ ਲੱਗੀ, ਜਿਸਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਪੁਲਿਸ ਨੇ ਮੌਕੇ ਤੋਂ .315 ਬੋਰ ਅਤੇ .32 ਬੋਰ ਦੇ ਦੋ ਪਿਸਤੌਲਾਂ ਦੇ ਨਾਲ ਵਾਰਦਾਤ ਵਿੱਚ ਵਰਤੀ ਗਈ ਮੋਟਰਸਾਈਕਲ ਵੀ ਬਰਾਮਦ ਕੀਤੀ ਹੈ।

ਐਸਐਸਪੀ ਸੋਹੇਲ ਮੀਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਫਾਇਰਿੰਗ ਨਿੱਜੀ ਭੁਗਤਾਨੀ ਵਿਵਾਦ ਕਾਰਨ ਕਰਵਾਈ ਗਈ ਸੀ, ਜਿਸਨੂੰ ਵਿਦੇਸ਼ੀ ਐਨਟੀਟੀ ਵੱਲੋਂ ਅੰਜਾਮ ਦਿਵਾਇਆ ਗਿਆ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਮੁਲਜ਼ਮ ਆਕਾਸ਼ ਦੇਸ਼ਪਾਲ ਖ਼ਿਲਾਫ ਪਹਿਲਾਂ ਵੀ ਸਨੈਚਿੰਗ ਅਤੇ ਗੈਰਕਾਨੂੰਨੀ ਹਥਿਆਰਾਂ ਸਬੰਧੀ ਕਈ ਮਾਮਲੇ ਦਰਜ ਹਨ। ਪੁਲਿਸ ਵੱਲੋਂ ਮਾਮਲੇ ਦੀ ਹੋਰ ਜਾਂਚ ਜਾਰੀ ਹੈ।