ਜਲੰਧਰ : ਦੇਸ਼ ਭਗਤ ਯਾਦਗਾਰ ਹਾਲ ਤੋਂ ਪਹਿਲਵਾਨਾਂ ਦੇ ਹੱਕ ‘ਚ ਉਠੀ ਆਵਾਜ਼, ਵਰ੍ਹਦੇ ਮੀਂਹ ‘ਚ ਕੱਢਿਆ ਕੈਂਡਲ ਮਾਰਚ

0
1413

ਜਲੰਧਰ| ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਸਾਹਿਤਕ ਸੱਭਿਆਚਾਰਕ ਸੰਸਥਾ ਫੁਲਕਾਰੀ ( ਰਜਿ. ), ਜਮਹੂਰੀ ਅਧਿਕਾਰ ਸਭਾ ਜਲੰਧਰ, ਤਰਕਸ਼ੀਲ ਸੁਸਾਇਟੀ ਪੰਜਾਬ, ਪੰਜਾਬ ਲੋਕ ਸੱਭਿਆਚਾਰਕ ਮੰਚ ( ਪਲਸ ਮੰਚ ), ਪੀਪਲਜ਼ ਵੁਆਇਸ, ਇਸਤਰੀ ਜਾਗ੍ਰਿਤੀ ਮੰਚ , ਦਸਤਕ ਮੰਚ, ਪ੍ਰਗਤੀਸ਼ੀਲ ਲੇਖਕ ਸੰਘ ( ਪੰਜਾਬ ) ਅਤੇ ਮਾਨਵਵਾਦੀ ਰਚਨਾ ਮੰਚ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਤੋਂ ਪ੍ਰੈਸ ਕਲੱਬ ਅਤੇ ਬੀ ਐਮ ਸੀ ਚੌਕ ਮਾਰਗ ‘ਤੇ ਰੈਲੀ ਅਤੇ ਕੈਂਡਲ ਮਾਰਚ ਕਰਕੇ ਕੌਮਾਂਤਰੀ ਖੇਡ ਅਖਾੜਿਆਂ ਦੀਆਂ ਜੇਤੂ ਪਹਿਲਵਾਨ ਖਿਡਾਰਨਾਂ ਦੇ ਚੱਲ ਰਹੇ ਹੱਕੀ ਘੋਲ ਦੇ ਹੱਕ ‘ਚ ਜ਼ੋਰਦਾਰ ਆਵਾਜ਼ ਬੁਲੰਦ ਕੀਤੀ।

ਇਸ ਮੌਕੇ ਉਪਰੋਕਤ ਜੱਥੇਬੰਦੀਆਂ ਦੇ ਬੁਲਾਰਿਆਂ ਚਰੰਜੀ ਲਾਲ ਕੰਗਣੀਵਾਲ, ਸੁਰਿੰਦਰ ਕੁਮਾਰੀ ਕੋਛੜ, ਦੇਸ ਰਾਜ ਕਾਲੀ, ਅਮੋਲਕ ਸਿੰਘ, ਮੱਖਣ ਮਾਨ, ਡਾ. ਸੈਲੇਸ, ਡਾ. ਸੁਰਜੀਤ ਜੱਜ, ਤਸਕੀਨ, ਸੁਖਦੇਵ ਫਗਵਾੜਾ, ਜਸਵਿੰਦਰ ਫਗਵਾੜਾ, ਡਾ. ਮੰਗਤ ਰਾਏ, ਜਸਬੀਰ ਜੱਸੀ, ਸੁਖਵਿੰਦਰ ਬਾਗਪੁਰ, ਸੱਤਪਾਲ , ਬਿਹਾਰੀ ਲਾਲ ਛਾਬੜਾ, ਮਨਦੀਪ ਮਹਿਰਮ , ਮਨਪ੍ਰੀਤ, ਅਜੇ ਯਾਦਵ, ਬਲਜਿੰਦਰ ਕੁਮਾਰ, ਪੁਨੀਤ ਧੀਰ ਅਤੇ ਰਾਕੇਸ਼ ਅਨੰਦ ਨੇ ਬਹੁਤ ਹੀ ਭਾਵਪੂਰਤ ਅਤੇ ਵਿਸਥਾਰ ਪੂਰਵਕ ਅੰਦਾਜ਼ ‘ਚ ਸਾਰੇ ਘਟਨਾਕ੍ਰਮ ‘ਤੇ ਰੌਸ਼ਨੀ ਪਾਉਂਦਿਆਂ ਦੱਸਿਆ ਕਿ ਇਸ ਵਰਤਾਰੇ ਦੇ ਡੂੰਘੇ ਪਾਣੀਆਂ ਵਿੱਚ ਕਿਹੜੀਆਂ ਸ਼ਕਤੀਆਂ ਕੰਮ ਕਰਦੀਆਂ ਹਨ, ਜੋ ਪੀੜਤ ਪਹਿਲਵਾਨਾਂ ਨੂੰ ਇਨਸਾਫ਼ ਦੇਣ ਦੀ ਥਾਂ ਉਨ੍ਹਾਂ ਉਪਰ ਕੇਸ ਮੜ੍ਹ ਰਹੀਆਂ ਹਨ ਅਤੇ ਮੁਲਜ਼ਮ ਬ੍ਰਿਜ਼ ਭੂਸ਼ਣ ਸ਼ਰਨ ਦੀ ਪਿੱਠ ਥਾਪੜ ਕੇ ਉਸਨੂੰ ਮਾਣ ਸਨਮਾਨ ਦੇ ਨਜ਼ਰਾਨਿਆਂ ਨਾਲ਼ ਨਿਵਾਜ਼ ਰਹੀਆਂ ਹਨ।

ਬੁਲਾਰਿਆਂ ਨੇ ਕਿਹਾ ਕਿ ਆਜ਼ਾਦੀ ਸੰਗਰਾਮ ਦੇ ਮਹਾਨ ਸੰਗਰਾਮੀਆਂ ਨੇ ਅਥਾਹ ਕੁਰਬਾਨੀਆਂ ਕਰਕੇ ਜੋ ਆਜ਼ਾਦ, ਜਮਹੂਰੀ, ਸਿਹਤਮੰਦ ਕਦਰਾਂ ਕੀਮਤਾਂ ਭਰੇ ਸਮਾਜ ਦੀ ਸਿਰਜਣਾ ਕਰਨ ਦਾ ਸੁਪਨਾ ਲਿਆ ਸੀ, ਅੱਜ ਕੇਂਦਰੀ ਭਾਜਪਾ ਹਕੂਮਤ ਨੇ ਕੌਮਾਂਤਰੀ ਖਿਡਾਰੀਆਂ ਦੀ ਆਵਾਜ਼ ਬੰਦ ਕਰਨ ਲਈ ਧੱਕੜ ਕਦਮ ਚੁੱਕ ਕੇ, ਉਨ੍ਹਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਤੌਹੀਨ ਕਰਨ ਦਾ ਰਾਹ ਫੜਿਆ ਹੈ।

ਬੁਲਾਰਿਆਂ ਕਿਹਾ ਕਿ ਪੁਰਅਮਨ ਖਿਡਾਰੀਆਂ ਉਪਰ ਹੱਲਾ ਬੋਲ ਕੇ ਉਨ੍ਹਾਂ ਦੀ ਖਿੱਚਧੂਹ ਕਰਨ, ਝੂਠੇ ਕੇਸ ਮੜ੍ਹਨ ਅਤੇ ਧਰਨਾ ਉਖਾੜਨ ਦਾ ਤਾਨਾਸ਼ਾਹੀ ਭਰਿਆ ਕਦਮ ਚੁੱਕਿਆ ਹੈ ਅਤੇ ਦੂਜੇ ਪਾਸੇ ਭਾਜਪਾ ਹਕੂਮਤ ਆਪਣੇ ਸੰਸਦ ਬ੍ਰਿਜ ਭੂਸ਼ਣ ਸ਼ਰਨ ਦੀ ਪਿੱਠ ਥਾਪੜ ਕੇ ਪੁਸ਼ਤ ਪਨਾਹੀ ਕਰਦਿਆਂ ਉਸਨੂੰ ਨਵੇਂ ਸੰਸਦ ਭਵਨ ਦੇ ਉਦਘਾਟਨੀ ਸਮਾਰੋਹ ਵਿੱਚ ਮਾਣ ਸਨਮਾਨ ਦੇ ਰਹੀ ਹੈ।

ਬੁਲਾਰਿਆਂ ਨੇ ਕਿਹਾ ਕਿ ਕੌਮਾਂਤਰੀ ਪੱਧਰ ਦੀਆਂ ਨਾਮਵਰ ਪਹਿਲਵਾਨ ਖਿਡਾਰਨਾਂ ਸਿਰਫ਼ ਆਪਣੀ ਅਣਖ ਇੱਜ਼ਤ ਦੀ ਹੀ ਲੜਾਈ ਨਹੀਂ ਲੜ ਰਹੀਆਂ, ਸਗੋਂ ਪੂਰੇ ਮੁਲਕ ਦੀ ਆਨ ਸ਼ਾਨ ਅਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਜੂਝ ਰਹੀਆਂ ਹਨ।

ਅੱਜ ਦੇਸ਼ ਭਗਤ ਯਾਦਗਾਰ ਹਾਲ ‘ਚ ਵੱਖ ਵੱਖ ਸੰਸਥਾਵਾਂ ਦੇ ਸਾਂਝੇ ਉੱਦਮ ਨਾਲ਼ ਜੁੜੀ ਇਕੱਤਰਤਾ ਅਤੇ ਕੈਂਡਲ ਮਾਰਚ ਵਿੱਚ ਪਹਿਲਵਾਨ ਖਿਡਾਰੀਆਂ ‘ਤੇ ਮੜ੍ਹੇ ਝੂਠੇ ਕੇਸ ਵਾਪਸ ਲੈਣ, ਉਨ੍ਹਾਂ ਨੂੰ ਜੰਤਰ ਮੰਤਰ ‘ਤੇ ਪੁਰਅਮਨ ਧਰਨਾ ਲਾਉਣ ਦੇਣ, ਭਾਜਪਾ ਸੰਸਦ ਬ੍ਰਿਜ ਭੂਸ਼ਣ ਸ਼ਰਨ ‘ਤੇ ਹੁਣ ਜਦੋਂ ਐਫ਼.ਆਈ.ਆਰ. ਦਰਜ ਹੋ ਚੁੱਕੀ ਹੈ, ਤਾਂ ਉਸ ਨੂੰ ਬਿਨਾਂ ਕਿਸੇ ਦੇਰੀ ਦੇ ਗ੍ਰਿਫ਼ਤਾਰ ਕਰਕੇ, ਸਾਰੇ ਆਹੁਦਿਆਂ ਤੋਂ ਬਰਖ਼ਾਸਤ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ।

ਸਮੂਹ ਬੁਲਾਰਿਆਂ ਨੇ ਮੁਲਕ ਦੀਆਂ ਦੇਸ਼ ਭਗਤ, ਇਨਸਾਫ਼ ਪਸੰਦ ਅਤੇ ਜਮਹੂਰੀ ਸ਼ਕਤੀਆਂ ਨੂੰ ਇੱਕ-ਜੁੱਟ ਹੋ ਕੇ ਪਹਿਲਵਾਨ ਖਿਡਾਰੀਆਂ ਦੇ ਹੱਕੀ ਸੰਗਰਾਮ ਲਈ ਸਾਂਝੀ ਆਵਾਜ਼ ਬੁਲੰਦ ਕਰਨ ਲਈ ਬੇਖੌਫ਼ ਹੋ ਕੇ ਅੱਗੇ ਆਉਣ ਦਾ ਸੱਦਾ ਦਿੱਤਾ ਹੈ।