ਜਲੰਧਰ : ਸਾਬਕਾ ਕੌਂਸਲਰ ਦੇ ਬੇਟੇ ਨੇ ਕੀਤਾ ਆਤਮ ਸਮਰਪਣ, ਸੁਪਰੀਮ ਕੋਰਟ ਖਾਰਿਜ ਕਰ ਚੁੱਕਾ ਹੈ ਜ਼ਮਾਨਤ ਪਟੀਸ਼ਨ

0
945

ਜਲੰਧਰ| ਉੱਤਰੀ ਖੇਤਰ ਦੇ ਵਿਧਾਇਕ ਬਾਵਾ ਹੈਨਰੀ ਵੱਲੋਂ ਛੇ ਸੁਸਾਇਟੀਆਂ ਨੂੰ ਦਿੱਤੀ ਗਈ 60 ਲੱਖ ਰੁਪਏ ਦੀ ਸਰਕਾਰੀ ਗਰਾਂਟ ਦੀ ਨਿੱਜੀ ਵਰਤੋਂ ਦੇ ਮਾਮਲੇ ਵਿੱਚ ਭਗੌੜੇ ਸਾਬਕਾ ਕੌਂਸਲਰ ਸੁਸ਼ੀਲ ਵਿੱਕੀ ਕਾਲੀਆ ਦੇ ਪੁੱਤਰ ਅੰਸ਼ੁਮਨ ਕਾਲੀਆ ਨੇ ਮੰਗਲਵਾਰ ਨੂੰ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਇਸ ਤੋਂ ਬਾਅਦ ਥਾਣਾ 8 ਦੀ ਪੁਲਸ ਨੇ ਉਸ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ। ਅੰਸ਼ੁਮਨ ਦੀ ਭਾਲ ‘ਚ ਪੁਲਸ ਨੇ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ ਪਰ ਉਹ ਪੁਲਸ ਦੇ ਹੱਥ ਨਹੀਂ ਆ ਸਕਿਆ ਸੀ।

ਥਾਣਾ 8 ਦੇ ਵਧੀਕ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਰਿਮਾਂਡ ‘ਤੇ ਲੈ ਕੇ ਕਾਗਜ਼ੀ ਕਾਰਵਾਈ ਕਰਕੇ ਪੁੱਛਗਿੱਛ ਕੀਤੀ ਜਾਵੇਗੀ | ਅੰਸ਼ੁਮਨ ਕਾਲੀਆ ਨੇ ਵੀ ਕਈ ਵਾਰ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ ਪਰ ਉਸ ਦੀ ਜ਼ਮਾਨਤ ਮਨਜ਼ੂਰ ਨਹੀਂ ਹੋਈ। ਇਸ ਤੋਂ ਬਾਅਦ ਉਸ ਨੇ ਖੁਦ ਅਦਾਲਤ ‘ਚ ਆਤਮ ਸਮਰਪਣ ਕਰ ਦਿੱਤਾ। ਅੰਸ਼ੁਮਨ ਦੀ ਜ਼ਮਾਨਤ ਨੂੰ ਲੈ ਕੇ ਉਸ ਦੇ ਪਿਤਾ ਸੁਸ਼ੀਲ ਕਾਲੀਆ ਨੇ ਸੁਪਰੀਮ ਕੋਰਟ ‘ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ।

ਸੁਸ਼ੀਲ ਕਾਲੀਆ ਆਪਣੇ ਬੇਟੇ ਦੀ ਜ਼ਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਡਿਪਰੈਸ਼ਨ ‘ਚ ਸੀ। ਇਸ ਤੋਂ ਬਾਅਦ ਸੁਸ਼ੀਲ ਕਾਲੀਆ ਨੇ ਜ਼ਹਿਰ ਨਿਗਲ ਲਿਆ। ਹਸਪਤਾਲ ‘ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਆਪਣੀ ਮੌਤ ਤੋਂ ਪਹਿਲਾਂ ਸੁਸ਼ੀਲ ਕਾਲੀਆ ਨੇ ਸੁਸਾਈਡ ਨੋਟ ‘ਚ ਭਾਜਪਾ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਸਮੇਤ ਕਈ ਨਾਂ ਲਿਖੇ ਸਨ, ਜਿਨ੍ਹਾਂ ਖਿਲਾਫ ਪੁਲਸ ਨੇ ਮਾਮਲਾ ਦਰਜ ਕੀਤਾ ਸੀ। ਇਸ ਦੇ ਨਾਲ ਹੀ ਅੰਸ਼ੁਮਨ ਇਸ ਮਾਮਲੇ ‘ਚ ਕਾਫੀ ਸਮੇਂ ਤੋਂ ਫਰਾਰ ਸੀ।