ਜਲੰਧਰ : ਲੁਟੇਰੇ ਗੰਨ ਪੁਆਇੰਟ ‘ਤੇ ਦੁਕਾਨਦਾਰ ਤੋਂ 21 ਹਜ਼ਾਰ ਦੀ ਨਕਦੀ ਖੋਹ ਕੇ ਫਰਾਰ

0
631

ਜਲੰਧਰ, 11 ਦਸੰਬਰ| ਜਲੰਧਰ ‘ਚ ਲੁੱਟ-ਖੋਹ ਦੀਆਂ ਵਾਰਦਾਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲਾ ਸ਼ਹਿਰ ਦੇ ਸੋਢਲ ਗੇਟ ਨੇੜੇ ਮਥੁਰਾ ਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਤੜਕੇ ਬਾਈਕ ਸਵਾਰ ਗੰਨ ਪੁਆਇੰਟ ‘ਤੇ ਜਨਰਲ ਸਟੋਰ ਦੇ ਮਾਲਕ ਤੋਂ ਨਕਦੀ ਖੋਹ ਕੇ ਫ਼ਰਾਰ ਹੋ ਗਏ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਦੁਕਾਨਦਾਰ ਵਿਨੋਦ ਕੁਮਾਰ ਨੇ ਦੱਸਿਆ ਕਿ ਉਸ ਨੇ ਸਵੇਰੇ 6.40 ਵਜੇ ਦੁਕਾਨ ਖੋਲ੍ਹੀ ਸੀ। ਇਸ ਦੌਰਾਨ 7.10 ਵਜੇ ਬਾਈਕ ਸਵਾਰ ਦੋ ਵਿਅਕਤੀ ਗੰਨ ਪੁਆਇੰਟ ‘ਤੇ ਦੁਕਾਨ ‘ਚ ਦਾਖਲ ਹੋ ਗਏ। ਇਸ ਦੌਰਾਨ ਉਕਤ ਲੁਟੇਰਿਆਂ ਨੇ ਗੋਲੀ ਮਾਰਨ ਦੀ ਧਮਕੀ ਦੇ ਕੇ ਨਕਦੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।

ਪੀੜਤ ਵਿਨੋਦ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਉਗਰਾਹੀ 19 ਹਜ਼ਾਰ ਰੁਪਏ ਅਤੇ ਅੱਜ ਸਵੇਰੇ ਉਸ ਕੋਲ 2300 ਰੁਪਏ ਬਾਕੀ ਸਨ। ਉਕਤ ਲੁਟੇਰੇ ਬੰਦੂਕ ਦੀ ਨੋਕ ‘ਤੇ ਸਾਰੀ ਨਕਦੀ ਲੈ ਕੇ ਫਰਾਰ ਹੋ ਗਏ। ਇਸ ਦੌਰਾਨ ਜਾਂਦੇ ਸਮੇਂ ਲੁਟੇਰੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।