ਜਲੰਧਰ : ਕੈਨੇਡਾ ਦੇ ਨਕਲੀ ਵੀਜ਼ੇ ਲਾਉਣ ਵਾਲੇ ਗਿਰੋਹ ਦਾ ਪਰਦਾਫਾਸ਼, 2 ਮੁੱਖ ਦੋਸ਼ੀ ਗ੍ਰਿਫਤਾਰ

0
440

ਜਲੰਧਰ, 27 ਸਤੰਬਰ | ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕੈਨੇਡਾ ਦੇ ਜਾਅਲੀ ਵੀਜ਼ੇ ਲਾ ਕੇ ਵੱਖ-ਵੱਖ ਵਿਅਕਤੀਆਂ ਨਾਲ ਧੋਖਾਧੜੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਪਾਸੋਂ 26.70 ਲੱਖ ਰੁਪਏ ਦੀ ਨਕਦੀ ਸਮੇਤ ਪੰਜ ਪਾਸਪੋਰਟ ਬਰਾਮਦ ਕੀਤੇ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗੁਰਨਾਮ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਪਿੰਡ ਤਲਵੰਡੀ ਭਿੰਡਰਾ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਆਪਣੀ ਸ਼ਿਕਾਇਤ ਵਿਚ ਗੁਰਨਾਮ ਸਿੰਘ ਨੇ ਕਿਹਾ ਸੀ ਕਿ ਉਸ ਨੇ ਆਪਣੇ ਅਤੇ ਆਪਣੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਤੋਂ ਕੈਨੇਡਾ ਦੇ ਟੂਰਿਸਟ ਵੀਜ਼ੇ ਲਈ 25 ਅਸਲੀ ਪਾਸਪੋਰਟ ਅਤੇ ਪੈਸੇ ਲੈ ਕੇ ਉੱਤਰ ਪ੍ਰਦੇਸ਼ ਦੇ ਲਖਨਊ ਦੇ ਰਹਿਣ ਵਾਲੇ ਸੰਤੋਸ਼ ਕੁਮਾਰ ਨੂੰ ਸੌਂਪੇ ਸਨ।

ਸਵਪਨ ਸ਼ਰਮਾ ਨੇ ਦੱਸਿਆ ਕਿ ਸੰਤੋਸ਼ ਦੁਬਈ ਦਾ ਹੀ ਰਹਿਣ ਵਾਲਾ ਸੀ ਅਤੇ ਉਸ ਦਾ ਅਸਲੀ ਨਾਮ ਵਾਜਿਦ ਅਲੀ ਪੁੱਤਰ ਨਿਜਾਮੁਦੀਨ ਵਾਸੀ ਮਕਾਨ ਨੰ.-274, ਪਿੰਡ ਬਰਸੈਣੀ ਟੋਲਾ, ਗੋਰਖਪੁਰ, ਉੱਤਰ ਪ੍ਰਦੇਸ਼ ਹੈ ਤੇ ਦੂਜੇ ਦੋਸ਼ੀ ਦਾ ਨਾਂ ਮੁਨੀਸ਼ ਕੁਮਾਰ ਪੁੱਤਰ ਗੁਰਦੇਵ ਸਿੰਘ ਵਾਸੀ ਟੀਚਰ ਕਾਲੋਨੀ, ਵਾਰਡ ਨੰ, 2, ਬਲਾਚੌਰ, ਜ਼ਿਲ੍ਹਾ ਐੱਸ.ਬੀ.ਐੱਸ.ਨਗਰ ਹੈ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਦੋਸ਼ੀਆਂ ਨੂੰ ਨਕਦੀ ਅਤੇ ਬੈਂਕ ਟਰਾਂਸਫਰ ਰਾਹੀਂ ਭੁਗਤਾਨ ਕੀਤਾ ਗਿਆ ਸੀ। ਵੀਜ਼ਾ ਅਰਜ਼ੀਆਂ ਲਈ ਦਿੱਤੇ ਅਸਲ ਪਾਸਪੋਰਟਾਂ ਵਿੱਚੋਂ ਵਾਜਿਦ ਅਲੀ ਉਰਫ਼ ਸੰਤੋਸ਼ ਨੇ ਵਟਸਐਪ ਰਾਹੀਂ ਗੁਰਨਾਮ ਸਿੰਘ ਨੂੰ ਵੀਜ਼ੇ ਵਾਲੇ 22 ਪਾਸਪੋਰਟ ਭੇਜੇ ਸਨ। ਜਾਂਚ ਕਰਨ ’ਤੇ ਪਤਾ ਲੱਗਾ ਕਿ ਇਹ ਵੀਜ਼ੇ ਜਾਅਲੀ ਸਨ ਤੇ ਇਨ੍ਹਾਂ ’ਤੇ ਕੈਨੇਡਾ ਦੇ ਟੂਰਿਸਟ ਵੀਜ਼ੇ ਦੇ ਜਾਅਲੀ ਸਟਿੱਕਰ ਚਿਪਕਾਏ ਹੋਏ ਸਨ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਡਵੀਜ਼ਨ ਨੰਬਰ 2 ਜਲੰਧਰ ਵਿਖੇ ਮਾਮਲਾ ਦਰਜ ਕਰਨ ਤੋਂ ਬਾਅਦ ਦੋਵਾਂ ਮੁਲਜ਼ਮਾਂ ਸੰਤੋਸ਼ ਕੁਮਾਰ ਉਰਫ ਵਾਜਿਦ ਅਲੀ ਤੇ ਮੁਨੀਸ਼ ਕੁਮਾਰ ਨੂੰ ਪੁਲਿਸ ਨੇ ਡੌਲਫਿਨ ਹੋਟਲ ਨੇੜੇ ਸਬਜ਼ੀ ਮੰਡੀ, ਜਲੰਧਰ ਤੋਂ ਗ੍ਰਿਫਤਾਰ ਕੀਤਾ ਹੈ।