ਜਲੰਧਰ, 16 ਅਕਤੂਬਰ | ਥਾਣਾ ਸਦਰ ਅਧੀਨ ਪੈਂਦੇ ਪਿੰਡ ਦੀ ਰਹਿਣ ਵਾਲੀ 24 ਸਾਲ ਦੀ ਲੜਕੀ ਨੂੰ ਉਸ ਦੀਆਂ ਖਿੱਚੀਆਂ ਅਸ਼ਲੀਲ ਤਸਵੀਰਾਂ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦਾ ਡਰ ਵਿਖਾ ਕੇ ਜਬਰ-ਜ਼ਨਾਹ ਕਰਨ ਵਾਲੇ ਤਾਂਤਰਿਕ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਐੱਸ. ਐੱਚ. ਓ. ਸਦਰ ਭਰਤ ਮਸੀਹ ਨੇ ਦੱਸਿਆ ਕਿ ਮਹਿਲਾ ਪੁਲਿਸ ਅਧਿਕਾਰੀ ਸੰਦੀਪ ਕੌਰ ਨੇ ਪੀੜਤਾ ਦੇ ਬਿਆਨਾਂ ’ਤੇ ਬਿਹਾਰ ਦੇ ਜ਼ਿਲ੍ਹਾ ਬੇਤੀਆ ਦੇ ਰਹਿਣ ਵਾਲੇ ਮੁਲਜ਼ਮ ਤਾਂਤਰਿਕ ਮੰਗਲ ਯਾਦਵ ਉਰਫ਼ ਮੰਗਾ ਪੁੱਤਰ ਮਾਨਕੀ ਯਾਦਵ ਖ਼ਿਲਾਫ਼ ਥਾਣਾ ਸਦਰ ਵਿਚ ਆਈ. ਪੀ. ਸੀ. ਦੀ ਧਾਰਾ 376 ਅਤੇ 506 ਤਹਿਤ ਐੱਫ਼. ਆਈ. ਆਰ. ਦਰਜ ਕੀਤੀ ਹੈ।

ਮੁਲਜ਼ਮ ਨੇ ਪੀੜਤ ਕੁੜੀ ਦੇ ਪਰਿਵਾਰ ਨੂੰ ਆਪਣੇ ਝਾਂਸੇ ਵਿਚ ਲੈ ਕੇ ਕੁੜੀ ਨਾਲ ਨਜ਼ਦੀਕੀਆਂ ਵਧਾਈਆਂ ਅਤੇ ਬਾਅਦ ਵਿਚ ਆਪਣੇ ਮੋਬਾਇਲ ਵਿਚ ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਇਨ੍ਹਾਂ ਤਸਵੀਰਾਂ ਨੂੰ ਵਾਇਰਲ ਕਰਕੇ ਉਸ ਨੂੰ ਬਦਨਾਮ ਕਰ ਦੇਵੇਗਾ।

ਇਸੇ ਕਾਰਨ ਕੁੜੀ 3 ਮਹੀਨੇ ਉਸ ਦੀ ਹਵਸ ਦਾ ਸ਼ਿਕਾਰ ਹੁੰਦੀ ਰਹੀ। ਉਸ ਦੇ ਅੱਤਿਆਚਾਰ ਨੂੰ ਵੇਖਦਿਆਂ ਉਸ ਨੇ ਆਪਣੀ ਸਾਰੀ ਕਹਾਣੀ ਪਰਿਵਾਰ ਵਾਲਿਆਂ ਨੂੰ ਦੱਸ ਦਿੱਤੀ, ਜਿਸ ਤੋਂ ਬਾਅਦ ਉਹ ਉਸ ਨੂੰ ਤਾਂਤਰਿਕ ਬਾਬਾ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਪੁਲਿਸ ਸਟੇਸ਼ਨ ਲੈ ਆਏ। ਇੰਸ. ਭਰਤ ਮਸੀਹ ਨੇ ਦੱਸਿਆ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਕੇ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।