ਜਲੰਧਰ : ਫੈਕਟਰੀ ‘ਚ ਮਜ਼ਦੂਰਾਂ ਦਾ ਹੰਗਾਮਾ : ਬੋਲੇ-ਮਾਲਕ ਕਰ ਰਹੇ ਸ਼ੋਸ਼ਣ, ਤਨਖਾਹ ਮੰਗਣ ‘ਤੇ ਕੱਢਦੇ ਨੇ ਗਾਲ੍ਹਾਂ, ਬੰਧੂਆ ਮਜ਼ਦੂਰਾਂ ਵਾਂਗ ਕਰਵਾਉਂਦੇ ਨੇ ਕੰਮ

0
434


ਜਲੰਧਰ/ਲੁਧਿਆਣਾ। ਜਲੰਧਰ ਸ਼ਹਿਰ ਵਿਚ ਇਕ ਫੈਕਟਰੀ ਦੇ ਮਾਲਕਾਂ ਉਤੇ ਉਥੇ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਸੰਗੀਨ ਦੋਸ਼ ਲਗਾਏ ਹਨ। ਮਜ਼ਦੂਰਾਂ ਦਾ ਕਹਿਣਾ ਹੈ ਕਿ ਮਕਸੂਦਾਂ ਸਥਿਤ ਇਕ ਫੈਕਟਰੀ ਵਿਚ ਮਾਲਕ ਪਹਿਲਾਂ ਸਖਤ ਮਿਹਨਤ ਕਰਵਾਉਂਦੇ ਹਨ ਤੇ ਫਿਰ ਉਨ੍ਹਾਂ ਨੂੰ ਬੰਧੂਆ ਮਜ਼ਦੂਰਾਂ ਵਾਂਗ ਕੁੱਟਦੇ ਹਨ। ਇੰਨਾ ਹੀ ਨਹੀਂ ਤਨਖਾਹ ਵੀ ਸਮੇਂ ਉਤੇ ਨਹੀਂ ਦਿੰਦੇ। ਤਨਖਾਹ ਮੰਗਣ ਉਤੇ ਵੀ ਗਾਲ੍ਹਾਂ ਸੁਣਨੀਆਂ ਪੈਂਦੀਆਂ ਹਨ ਤੇ ਮਾਰ ਵੀ ਖਾਣੀ ਪੈਂਦੀ ਹੈ।
ਮਜ਼ਦੂਰਾਂ ਦਾ ਕਹਿਣਾ ਹੈ ਕਿ ਕਈ ਮਜ਼ਦੂਰ ਤਾਂ ਆਪਣੇ ਖੂਨ-ਪਸੀਨੇ ਦੀ ਕਮਾਈ ਵੀ ਇਥੇ ਹੀ ਛੱਡ ਕੇ ਭੱਜ ਚੁੱਕੇ ਹਨ। ਮਜ਼ਦੂਰਾਂ ਨੇ ਫੈਕਟਰੀ ਮੈਨੇਜਮੈਂਟ ਤੋਂ ਤੰਗ ਆ ਕੇ ਆਖਿਰ ਫੈਕਟਰੀ ਵਿਚ ਹੜਤਾਲ ਕਰ ਦਿੱਤੀ। ਫੈਕਟਰੀ ਦੇ ਬਾਹਰ ਮਜ਼ਦੂਰਾਂ ਨੇ ਨਾਅਰੇਬਾਜ਼ੀ ਵੀ ਕੀਤੀ। ਇਸਦੀ ਜਾਣਕਾਰੀ ਜਦੋਂ ਪੁਲਿਸ ਥਾਣਾ ਡਿਵੀਜ਼ਨ ਨੰਬਰ ਇਕ ਨੂੰ ਲੱਗੀ ਤਾਂ ਐੱਸਐੱਚਓ ਜਤਿੰਦਰ ਕੁਮਾਰ ਮੌਕੇ ਉਤੇ ਪੁੱਜੇ। ਉਨ੍ਹਾਂ ਨੇ ਮਜ਼ਦੂਰਾਂ ਨੂੰ ਮਿਲ ਕੇ ਉਨ੍ਹਾਂ ਦੀ ਸ਼ਿਕਾਇਤ ਸੁਣੀ।
ਥਾਣਾ ਮੁਖੀ ਨੂੰ ਮਜ਼ਦੂਰਾਂ ਨੇ ਆਪਣੀ ਹੱਡਬੀਤੀ ਸੁਣਾਈ ਤੇ ਇਹ ਵੀ ਦੱਸਿਆ ਕਿ ਕਿਵੇਂ ਉਨ੍ਹਾਂ ਤੋਂ ਬੰਧੂਆ ਮਜ਼ਦੂਰਾਂ ਵਾਂਗ ਕੰਮ ਲਿਆ ਜਾਂਦਾ ਹੈ। ਜਿਸ ਸਮੇਂ ਫੈਕਟਰੀ ਵਿਚ ਪੁਲਿਸ ਪਹੁੰਚੀ ਤਾਂ ਮੈਨੇਜਮੈਂਟ ਦੇ ਲੋਕ ਫੈਕਟਰੀ ਤੋਂ ਗਾਇਬ ਹੋ ਗਏ। ਥਾਣਾ ਮੁਖੀ ਨੇ ਮਜ਼ਦੂਰਾਂ ਦੇ ਨਾਂ-ਪਤਾ ਨੋਟ ਕਰਕੇ ਨਾਲ-ਨਾਲ ਉਨ੍ਹਾਂ ਦੇ ਬਿਆਨ ਵੀ ਦਰਜ ਕੀਤੇ। ਮਜ਼ਦੂਰਾਂ ਨੂੰ ਭਰੋਸਾ ਵੀ ਦੁਆਇਆ ਕਿ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਬੇਈਮਾਨੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਨੂੰ ਪੂਰਾ ਇਨਸਾਫ ਦੁਆਇਆ ਜਾਵੇਗਾ।