ਜਲੰਧਰ ‘ਚ ਲੌਕਡਾਊਨ ਦੌਰਾਨ ਘਰੇਲੂ ਹਿੰਸਾ ਦੀ ਸ਼ਿਕਾਰ ਮਹਿਲਾਵਾਂ ਲਈ ਆਨਲਾਈਨ ਕਾਊਂਸਲਿੰਗ ਹੈਲਪਲਾਈਨ ਦੀ ਸ਼ੁਰੂਆਤ

0
691
  • ਪੁਲਿਸ ਕਮਿਸ਼ਨਰ ਵਲੋਂ 6 ਮੈਂਬਰੀ ਪੈਨਲ ਦਾ ਗਠਨ।
  • ਪੁਲਿਸ ਤੇ ਮਨੋ ਚਿਕਿਸਤਕ ਕਰਨਗੇ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਮਹਿਲਾਵਾਂ ਦੀਆਂ ਸਮੱਸਿਆਵਾਂ ਦਾ ਹੱਲ।

ਜਲੰਧਰ. ਕਮਿਸ਼ਨਰੇਟ ਪੁਲਿਸ ਵਲੋਂ ਵਿਸ਼ੇਸ਼ ਪਹਿਲ ਕਰਦਿਆਂ ਲੌਕਡਾਊਨ ਦੌਰਾਨ ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੀਆਂ ਮਹਿਲਾਵਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਟੈਲੀਫੋਨ ਰਾਹੀਂ ਆਨਲਾਈਨ ਕਾਊਂਸਲਿੰਗ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਗਈ ਹੈ।

ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਸਿਆ ਕਿ ਲੌਕਡਾਊਨ ਦੌਰਾਨ ਔਰਤਾਂ ਪ੍ਰਤੀ ਘਰੇਲੂ ਹਿੰਸਾ ਦੀਆਂ ਸ਼ਿਕਾਇਤਾਂ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸ਼ਿਕਾਇਤਾਂ ਦੇ ਹੱਲ ਅਤੇ ਔਰਤਾਂ ਦੀ ਸੁਰੱਖਿਆਂ ਨੂੰ ਯਕੀਨੀ ਬਣਾਉਣ ਲਈ ਕਮਿਸ਼ਨਰੇਟ ਪੁਲਿਸ ਵਲੋਂ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਡੀ.ਸੁਧਰਵਿਜੀ ਦੀ ਪ੍ਰਧਾਨਗੀ ਹੇਠ ਸਪੈਸ਼ਲ ਪੈਨਲ ਦਾ ਗਠਨ ਕੀਤਾ ਗਿਆ ਹੈ। ਭੁੱਲਰ ਨੇ ਦੱਸਿਆ ਕਿ ਸਬ ਇੰਸਪੈਕਟਰ ਰੈਂਕ ਮਹਿਲਾ ਪੁਲਿਸ ਅਫ਼ਸਰ ਮੋਨਿਕਾ ਅਰੋੜਾ ਵਲੋਂ ਦੋ ਹੋਰ ਸਹਾਇਕ ਸਬ ਇੰਸਪੈਕਟਰਾਂ ਆਸ਼ਾ ਕਿਰਨ ਤੇ ਸੁਮਨ ਬਾਲਾ ਨਾਲ ਪੈਨਲ ਦੀ ਦੇਖ-ਰੇਖ ਕੀਤੀ ਜਾਵੇਗੀ।

ਪੁਲਿਸ ਕਮਿਸ਼ਨਰ ਨੇ ਦਸਿਆ ਕਿ ਤਿੰਨ ਪੁਲਿਸ ਅਫ਼ਸਰਾਂ ਦੇ ਨਾਲ ਮਨੋ ਰੋਗ ਮਾਹਿਰ ਡਾ.ਜਸਬੀਰ ਕੌਰ, ਡਾ.ਸਰਬਜੀਤ ਸਿੰਘ ਅਤੇ ਰਾਜਬੀਰ ਕੌਰ ਵਲੋਂ ਸ਼ਿਕਾਇਤਕਰਤਾ ਮਹਿਲਾਵਾਂ ਨਾਲ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲਾਕਡਾਊਨ ਦੌਰਾਨ ਸ਼ਿਕਾਇਤਕਰਤਾ ਤੱਕ ਪਹੁੰਚ ਕਰਕੇ ਮਾਮਲੇ ਨੂੰ ਵਾਚਿਆ ਜਾਣਾ ਸੰਭਵ ਨਹੀਂ ਹੈ , ਇਸ ਲਈ ਕਮਿਸ਼ਨਰੇਟ ਪੁਲਿਸ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਕਿਸੇ ਮਹਿਲਾ ਵਲੋਂ ਕਮਿਸ਼ਨਰੇਟ ਪੁਲਿਸ ਪਾਸ ਅਪਣੀ ਸਮੱਸਿਆ ਸਬੰਧੀ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਪੈਨਲ ਵਲੋਂ ਉਸ ਨਾਲ ਟੈਲੀਫੋਨ ‘ਤੇ ਸੰਪਰਕ ਕੀਤਾ ਜਾਵੇਗਾ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੈਨਲ ਵਲੋਂ ਕਾਨਫਰੰਸ ਕਾਲ ਰਾਹੀਂ ਪੀੜਤ ਮਹਿਲਾ ਦੀ ਕਾਊਂਸਲਿੰਗ ਕਰਕੇ ਉਸ ਦੀ ਸਮੱਸਿਆ ਦਾ ਹੱਲ ਲੱਭਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਪੀੜਤ ਮਹਿਲਾ ਕਾਊਂਸਲਿੰਗ ਤੋਂ ਸੰਤੁਸ਼ਟ ਨਹੀਂ ਹੁੰਦੀ ਅਤੇ ਆਪਣੇ ਲਈ ਕਾਨੂੰਨੀ ਮਦਦ ਚਾਹੁੰਦੀ ਹੈ ਤਾਂ ਕਾਨੂੰਨ ਅਪਣਾ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਆਨਲਾਈਨ ਕਾਊਂਸਲਿੰਗ ਹੈਲਪਲਾਈਨ ਦਾ ਮੁੱਖ ਮੰਤਵ ਘਰੇਲੂ ਹਿੰਸਾ ਵਿੱਚ ਨਿਆਂ ਪ੍ਰਾਪਤ ਕਰਨ ਲਈ ਮਹਿਲਾਵਾਂ ਨੂੰ ਸਹੂਲਤ ਪ੍ਰਦਾਨ ਕਰਨਾ ਹੈ।