ਜਲੰਧਰ : ਕੋਠੀ ਦੇ ਵਿਵਾਦ ਕਾਰਨ ਧਮਕੀਆਂ ਤੋਂ ਤੰਗ ਆ ਕੇ ਕੌਂਸਲਰ ਦੇ ਪਤੀ ਨੇ 4 ਪੇਜ ਦਾ ਸੁਸਾਈਡ ਨੋਟ ਲਿਖ ਲਾਇਆ ਫਾਹਾ

0
1207

ਅੰਮ੍ਰਿਤਸਰ ਦੇ 3 ਵਪਾਰੀਆਂ ਨੂੰ ਦੱਸਿਆ ਮੌਤ ਦਾ ਜ਼ਿੰਮੇਵਾਰ

ਜਲੰਧਰ | ਵਾਰਡ ਨੰ. 51 ਦੀ ਕੌਂਸਲਰ ਰਾਧਿਕਾ ਪਾਠਕ ਦੇ ਪਤੀ ਅਨੂਪ ਪਾਠਕ ਨੇ ਮੰਗਲਵਾਰ ਬਾਅਦ ਦੁਪਹਿਰ ਆਪਣੇ ਕਮਰੇ ‘ਚ ਫਾਹਾ ਲੈ ਕੇ ਜਾਨ ਦੇ ਦਿੱਤੀ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਅਨੂਪ ਪਾਠਕ ਦਾ ਬੇਟਾ ਘਰ ਪੁੱਜਾ। ਉਸ ਨੇ ਕਮਰੇ ‘ਚ ਜਾ ਕੇ ਦੇਖਿਆ ਤਾਂ ਪਿਤਾ ਫਾਹੇ ਨਾਲ ਲਟਕ ਰਿਹਾ ਸੀ।

ਸੂਚਨਾ ਮਿਲਦਿਆਂ ਹੀ ਏਸੀਪੀ ਬਲਵਿੰਦਰ ਇਕਬਾਲ ਸਿੰਘ ਕਾਹਲੋਂ ਤੇ ਥਾਣਾ-4 ਦੇ ਇੰਚਾਰਜ ਰਾਜੇਸ਼ ਕੁਮਾਰ ਮੌਕੇ ‘ਤੇ ਪੁੱਜੇ। ਦੇਰ ਸ਼ਾਮ ਪੁਲਿਸ ਨੇ ਸੁਸਾਈਡ ਨੋਟ ਕਬਜ਼ੇ ‘ਚ ਲੈ ਕੇ ਅਨੂਪ ਪਾਠਕ ਦੇ ਬੇਟੇ ਕਰਨ ਪਾਠਕ ਦੇ ਬਿਆਨਾਂ ‘ਤੇ ਅੰਮ੍ਰਿਤਸਰ ਵਾਸੀ ਕਾਰੋਬਾਰੀ ਇੰਦਰਜੀਤ ਚੌਧਰੀ, ਅਮਰੀਕ ਸੰਧੂ ਤੇ ਰਵਿੰਦਰ ਚੌਹਾਨ ਖਿਲਾਫ਼ ਮਾਮਲਾ ਦਰਜ ਕਰ ਲਿਆ। ਏਸੀਪੀ ਕਾਹਲੋਂ ਨੇ ਦੱਸਿਆ ਕਿ ਛੇਤੀ ਹੀ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਕਰਨ ਪਾਠਕ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਕੁਝ ਲੋਕਾਂ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਮਾਡਲ ਟਾਊਨ ‘ਚ 18 ਮਰਲੇ ਦੀ ਜਗ੍ਹਾ ਹੈ, ਜਿਸ ‘ਤੇ ਅੰਮ੍ਰਿਤਸਰ ਦੇ ਕਾਰੋਬਾਰੀ ਨੇ ਕਬਜ਼ਾ ਕੀਤਾ ਹੋਇਆ ਹੈ। ਇਸ ਸਬੰਧੀ ਉਨ੍ਹਾਂ ਦਾ ਹਾਈ ਕੋਰਟ ‘ਚ ਕੇਸ ਚੱਲ ਰਿਹਾ ਹੈ।

ਉਨ੍ਹਾਂ ਦੋਸ਼ ਲਾਇਆ ਕਿ ਅੰਮ੍ਰਿਤਸਰ ਵਾਸੀ ਕਾਰੋਬਾਰੀ ਇੰਦਰਜੀਤ ਚੌਧਰੀ, ਅਮਰੀਕ ਸੰਧੂ ਤੇ ਰਵਿੰਦਰ ਚੌਹਾਨ ਉਨ੍ਹਾਂ ਦੇ ਪਿਤਾ ਨੂੰ ਧਮਕੀਆਂ ਦੇ ਰਹੇ ਸਨ।

ਮੰਗਲਵਾਰ ਦੁਪਹਿਰ ਨੂੰ ਉਹ ਕਿਸੇ ਕੰਮ ਬਾਹਰ ਗਿਆ ਹੋਇਆ ਸੀ। ਲਗਭਗ ਪੌਣੇ 4 ਵਜੇ ਉਸ ਨੂੰ ਆਪਣੀ ਮਾਤਾ ਰਾਧਿਕਾ ਪਾਠਕ ਦਾ ਫੋਨ ਆਇਆ ਕਿ ਉਹ ਵੀ ਕਿਸੇ ਕੰਮ ਕਰਕੇ ਬਾਹਰ ਹੈ ਤੇ ਉਹ ਉਸ ਦੇ ਪਿਤਾ ਨੂੰ ਫੋਨ ਕਰ ਰਹੀ ਹੈ ਪਰ ਉਹ ਫੋਨ ਨਹੀਂ ਚੁੱਕ ਰਹੇ।

ਉਸ ਤੋਂ ਬਾਅਦ ਜਦੋਂ ਉਹ ਪੁੱਜਾ ਤਾਂ ਪਿਤਾ ਆਪਣੇ ਕਮਰੇ ‘ਚ ਫਾਹੇ ਨਾਲ ਲਟਕ ਰਹੇ ਸਨ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ।

ਅਨੂਪ ਪਾਠਕ ਆਪਣੇ ਪਿੱਛੇ ਪਤਨੀ ਰਾਧਿਕਾ, ਪੁੱਤਰ ਕਰਨ ਤੇ ਅਰਜੁਨ ਪਾਠਕ ਨੂੰ ਛੱਡ ਗਏ ਹਨ। ਦੇਰ ਰਾਤ ਤੱਕ ਅਨੂਪ ਪਾਠਕ ਦੇ ਘਰ ਅਫਸੋਸ ਕਰਨ ਵਾਲੇ ਆ ਰਹੇ ਸਨ।

ਬੇਟੇ ਦਾ ਦੋਸ਼- ਪਿਤਾ ਨੂੰ ਪੁਲਿਸ ਤੇ ਵਿਜੀਲੈਂਸ ਵਾਲੇ ਵੀ ਕਰਦੇ ਸਨ ਤੰਗ

ਅਨੂਪ ਦੇ ਬੇਟੇ ਕਰਨ ਨੇ ਦੋਸ਼ ਲਾਇਆ ਕਿ ਬੀਤੇ ਕੁਝ ਸਮੇਂ ਤੋਂ ਉਕਤ ਲੋਕ ਜਿਨ੍ਹਾਂ ਨਾਲ ਕੋਰਟ ‘ਚ ਕੇਸ ਚੱਲ ਰਿਹਾ ਸੀ, ਕਾਫੀ ਸਿਆਸੀ ਦਬਾਅ ਪਾ ਰਹੇ ਸਨ। ਇਸੇ ਦਬਾਅ ਕਾਰਨ ਕਈ ਪੁਲਿਸ ਮੁਲਾਜ਼ਮ ਤੇ ਵਿਜੀਲੈਂਸ ਵਾਲੇ ਉਨ੍ਹਾਂ ਦੇ ਪਿਤਾ ਨੂੰ ਝੂਠੇ ਕੇਸ ‘ਚ ਫਸਾਉਣ ਦੀਆਂ ਧਮਕੀਆਂ ਦਿੰਦੇ ਸਨ, ਜਿਸ ਕਰਕੇ ਉਸ ਦੇ ਪਿਤਾ ਕਾਫੀ ਪ੍ਰੇਸ਼ਾਨ ਰਹਿੰਦੇ ਸਨ।

ਉਸ ਨੇ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਕਿ ਧਮਕਾਉਣ ਵਾਲੇ ਪੁਲਿਸ ਤੇ ਵਿਜੀਲੈਂਸ ਮੁਲਾਜ਼ਮਾਂ ਖਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ।

ਪਰਿਵਾਰ ਨੇ ਅੰਤਿਮ ਸੰਸਕਾਰ ਕਰਨ ਤੋਂ ਕੀਤਾ ਇਨਕਾਰ

ਕੌਂਸਲਰ ਰਾਧਿਕਾ ਪਾਠਕ ਦੇ ਪਤੀ ਤੇ ਉੱਘੇ ਕਾਂਗਰਸੀ ਨੇਤਾ ਅਨੂਪ ਪਾਠਕ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰ ਦੀ ਕਹਿਣਾ ਹੈ ਕਿ ਜਦੋਂ ਤੱਕ ਪੁਲਿਸ ਆਰੋਪੀਆਂ ਨੂੰ ਗ੍ਰਿਫਤਾਰ ਨਹੀਂ ਕਰ ਲੈਂਦੀ, ਉਦੋਂ ਤੱਕ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।

(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।