ਜਲੰਧਰ : ਦੁਬਈ ਜਾਣ ਲਈ ਪੈਸੇ ਨਹੀਂ ਸਨ ਤਾਂ ਵੇਚਣ ਲੱਗੇ ਹੈਰੋਇਨ, ਪਾਕਿਸਤਾਨੀ ਸਮੱਗਲਰਾਂ ਨਾਲ ਲਿੰਕ ਰੱਖਣ ਵਾਲਿਆਂ ਤੋਂ ਲੈਂਦੇ ਸਨ ਡਰੱਗਜ਼

0
1793

ਜਲੰਧਰ। ਸੀ. ਆਈ. ਏ. ਸਟਾਫ-1 ਵੱਲੋਂ ਹੈਰੋਇਨ ਨਾਲ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਸਮੱਗਲਰ ਵਾਪਸ ਦੁਬਈ ਜਾਣ ਲਈ ਹੈਰੋਇਨ ਵੇਚਣ ਲੱਗੇ ਸਨ। ਨੌਜਵਾਨਾਂ ਨੇ ਮੰਨਿਆ ਕਿ ਦੁਬਈ ਜਾਣ ਲਈ ਉਨ੍ਹਾਂ ਕੋਲ ਪੈਸੇ ਨਹੀਂ ਸਨ, ਜਿਸ ਕਾਰਨ ਉਹ ਪਾਕਿਸਤਾਨ ਦੇ ਸਮੱਗਲਰਾਂ ਨਾਲ ਲਿੰਕ ਰੱਖਣ ਵਾਲੇ ਤਰਨਤਾਰਨ ਦੇ ਸਮੱਗਲਰਾਂ ਤੋਂ ਹੈਰੋਇਨ ਖਰੀਦ ਕੇ ਅੱਗੇ ਵੇਚਦੇ ਸਨ। ਉਹੀ ਸਮੱਗਲਰ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦੇ ਸਨ।

ਸੀ. ਆਈ. ਏ. ਸਟਾਫ ਦੇ ਇੰਚਾਰਜ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਏ. ਐੱਸ. ਆਈ. ਗੌਰੀਸ਼ੰਕਰ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਟਰਾਂਸਪੋਰਟ ਨਗਰ ਵਿਚੋਂ ਸਵਿਫਟ ਡਿਜ਼ਾਈਰ ਗੱਡੀ ਵਿਚ ਸਵਾਰ ਹੋ ਕੇ ਹੈਰੋਇਨ ਦੀ ਸਪਲਾਈ ਦੇਣ ਆਏ ਅੰਮ੍ਰਿਤ ਸਿੰਘ ਪੁੱਤਰ ਤਜਿੰਦਰ ਸਿੰਘ ਨਿਵਾਸੀ ਸਰਹਾਲੀ (ਫਿਰੋਜ਼ਪੁਰ) ਅਤੇ ਹਰਬੰਸ ਸਿੰਘ ਪੁੱਤਰ ਲਖਵਿੰਦਰ ਸਿੰਘ ਨਿਵਾਸੀ ਚੰਗਾਲੀ ਕਦੀਮ ਤਰਨਤਾਰਨ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਕੋਲੋਂ 150 ਗ੍ਰਾਮ ਹੈਰੋਇਨ ਮਿਲੀ ਸੀ।

ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਕਤ ਲੋਕ ਤਰਨਤਾਰਨ ਤੋਂ ਹੈਰੋਇਨ ਲੈ ਕੇ ਸਪਲਾਈ ਦੇਣ ਆਏ ਸਨ। ਮੁਲਜ਼ਮ ਕਾਫੀ ਲੰਮੇ ਸਮੇਂ ਤੋਂ ਬਿਆਸ ਅਤੇ ਜਲੰਧਰ ਵਿਚ ਸਪਲਾਈ ਦੇ ਰਹੇ ਸਨ, ਜਿਹੜੇ ਤਰਨਤਾਰਨ ਤੋਂ 2500 ਰੁਪਏ ਪ੍ਰਤੀ ਗ੍ਰਾਮ ਦੇ ਭਾਅ ’ਤੇ ਹੈਰੋਇਨ ਖਰੀਦਦੇ ਸਨ ਅਤੇ ਆਪਣੇ ਗਾਹਕਾਂ ਨੂੰ 4200 ਰੁਪਏ ਵਿਚ ਵੇਚ ਦਿੰਦੇ ਸਨ।

ਦੋਵੇਂ ਨੌਜਵਾਨ ਦੁਬਈ ਤੋਂ ਪਰਤੇ ਸਨ ਅਤੇ ਉੱਥੇ ਹੀ ਉਨ੍ਹਾਂ ਦੀ ਮੁਲਾਕਾਤ ਹੋਈ ਸੀ। ਹੁਣ ਦੁਬਾਰਾ ਦੁਬਈ ਜਾਣ ਲਈ ਉਨ੍ਹਾਂ ਕੋਲ ਪੈਸੇ ਨਹੀਂ ਸਨ, ਜਿਸ ਕਾਰਨ ਦੋਵਾਂ ਨੇ ਪੈਸੇ ਇਕੱਠੇ ਕਰਨ ਲਈ ਹੈਰੋਇਨ ਵੇਚਣੀ ਸ਼ੁਰੂ ਕਰ ਦਿੱਤੀ ਸੀ। ਰਿਮਾਂਡ ਖ਼ਤਮ ਹੋਣ ’ਤੇ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।