ਜਲੰਧਰ : ਦੋ ਪਿੰਡਾਂ ’ਚ ਮਿਲੀਆਂ ਲਾਸ਼ਾਂ, ਇਕ ਨੂੰ ਤੇਜਧਾਰ ਹਥਿਆਰਾਂ ਨਾਲ ਵੱਢਿਆ, ਇਕ ਨੂੰ ਮਾਰ ਕੇ ਸਾੜਨ ਦੀ ਕੋਸ਼ਿਸ਼

0
1987

ਜਲੰਧਰ। ਜਲੰਧਰ ਵਿਚ ਦੋ ਵੱਖ-ਵੱਖ ਥਾਵਾਂ ਉਤੇ ਲਾਸ਼ਾਂ ਮਿਲਣ ਨਾਲ ਹੜਕੰਪ ਮਚ ਗਿਆ ਹੈ। ਜਲੰਧਰ ਦੇਹਾਤ ਦੇ ਥਾਣਾ ਲਾਂਬੜਾ ਤਹਿਤ ਪੈਂਦੇ ਪਿੰਡ ਸਿੰਘਾ ਵਿਚ ਤੜਕੇ ਇਕ ਨੋਜਵਾਨ ਦੀ ਲਾਸ਼ ਮਿਲੀ, ਜਿਸ ਨੂੰ ਕੇ ਨਸ਼ਾ ਦੇ ਕੇ ਮਾਰਿਆ ਲੱਗਦਾ ਹੈ। ਪੁਲਿਸ ਨੂੰ ਲਾਸ਼ ਕੋਲ ਨਸ਼ੇ ਦੇ ਟੀਕੇ ਤੇ ਸ਼ਰਾਬ ਦੀ ਬੋਤਲ ਮਿਲੀ ਹੈ। ਜਿਸ ਤੋਂ ਸ਼ੱਕ ਪੈਂਦਾ ਹੈ ਕਿ ਨੌਜਵਾਨ ਨੂੰ ਨਸ਼ਾ ਦੇ ਕੇ ਮਾਰਿਆ ਗਿਆ ਹੈ।

ਨਹਿਰ ਕਿਨਾਰੇ ਖੂਨ ਨਾਲ ਲੱਥਪੱਥ ਲਾਸ਼ ਨੂੰ ਸਵੇਰੇ ਕੰਮ ਤੇ ਜਾ ਰਹੇ ਲੋਕਾਂ ਨੇ ਦੇਖਿਆ ਤੇ ਲਾਂਬੜਾ ਪੁਲਿਸ ਨੂੰ ਇਸਦੀ ਜਾਣਕਾਰੀ ਦਿੱਤੀ। ਪੂਰਾ ਡੇਢ ਘੰਟਾ ਲੋਕ ਲਾਸ਼ ਦੇ ਕੋਲ ਬੈਠੇ ਰਹੇ ਤਾਂ ਜਾ ਕੇ ਕਿਤੇ ਪੁਲਿਸ ਆਈ। ਪੁਲਿਸ ਅਨੁਸਾਰ ਇਹ ਮਰਡਰ ਦੇਰ ਰਾਤ ਕੀਤਾ ਗਿਆ ਹੈ। ਜਿਥੇ ਲਾਸ਼ ਮਿਲੀ ਹੈ, ਉਹ ਇਲਾਕਾ ਵੀ ਸੁੰਨਸਾਨ ਹੈ। ਉਸ ਰਾਹ ਉਤੇ ਕੋਈ ਆਉਂਦਾ-ਜਾਂਦਾ ਵੀ ਨਹੀਂ ਹੈ। ਮਰਨ ਵਾਲੇ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇੜੇ-ਤੇੜੇ ਦੇ ਪਿੰਡਾਂ ਵਿਚ ਪੁੱਛਗਿਛ ਕਰ ਰਹੀ ਹੈ।

ਉਥੇ ਹੀ ਜਲੰਧਰ ਦੇਹਾਤ ਦੇ ਥਾਣਾ ਆਦਮਪੁਰ ਵਿਚ ਸ਼ਹਿਰ ਦੇ ਲੰਮਾ ਪਿੰਡ ਦੇ ਨੌਜਵਾਨ ਦੀ ਅੱਧਸੜੀ ਲਾਸ਼ ਬਰਾਮਦ ਹੋਈ ਹੈ। ਜਾਣਕਾਰੀ ਅਨੁਸਾਰ ਲਵਲੀਨ ਦੋ ਦਿਨ ਪਹਿਲਾਂ ਸਹੁਰੇ ਘਰ ਲਈ ਨਿਕਲਿਆ ਸੀ, ਪਰ ਨਾ ਤਾਂ ਉਹ ਸਹੁਰੇ ਘਰ ਪੁੱਜਾ ਤੇ ਨਾ ਹੀ ਆਪਣੇ ਘਰ ਆਇਆ। ਜਦੋਂ ਪੁਲਿਸ ਲਾਸ਼ ਲੈ ਕੇ ਪੁੱਜੀ ਤਾਂ ਦੋਵੇਂ ਘਰਾਂ ਵਿਚ ਮਾਤਮ ਛਾ ਗਿਆ।

ਜਾਣਕਾਰੀ ਮੁਤਾਬਿਕ ਘਰ ਤੋਂ ਨਿਕਲਿਆ ਲਵਲੀਨ ਜਦੋਂ ਸਹੁਰੇ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਵਾਲਿਆਂ ਨੇ ਉਸਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਪਰ ਕੁਝ ਪਤਾ ਨਹੀਂ ਲੱਗਾ। ਫਿਰ ਉਨ੍ਹਾਂ ਨੂੰ ਲੱਗਾ ਕੇ ਸ਼ਾਇਦ ਲਵਲੀਨ ਆਪਣੇ ਦੋਸਤਾਂ ਨਾਲ ਘੁੰਮਣ ਗਿਆ ਹੋਵੇਗਾ।

ਇਕ ਦਿਨ ਲੰਘਣ ਤੋਂ ਬਾਅਦ ਘਰਦਿਆਂ ਨੇ ਲਵਲੀਨ ਦੇ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਪਰ ਸੋਮਵਾਰ ਤੜਕੇ ਉਨ੍ਹਾਂ ਕੋਲ ਲਵਲੀਨ ਦੀ ਲਾਸ਼ ਪੁੱਜੀ। ਲਵਲੀਨ ਦੀ ਲਾਸ਼ ਨੂੰ ਸਾੜਣ ਦੀ ਕੋਸ਼ਿਸ਼ ਕੀਤੀ ਗਈ ਸੀ। ਆਰੋਪੀ ਲਵਲੀਨ ਦੀ ਲਾਸ਼ ਨੂੰ ਅੱਧਸੜਿਆ ਛੱਡ ਕੇ ਹੀ ਫਰਾਰ ਹੋ ਗਏ ਸਨ। ਫਿਲਹਾਲ ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਿਸ ਮਰ਼ਡਰ ਦੀ ਗੁੱਥੀ ਸੁਲਝਾਉਣ ਵਿਚ ਲੱਗੀ ਹੋਈ ਹੈ।