ਹੁਸ਼ਿਆਰਪੁਰ | ਜ਼ਿਲ੍ਹਾ ਅਦਾਲਤ ਨੇ ਜਲੰਧਰ ਦੇ ਮੌਜੂਦਾ ਡੀਸੀਪੀ ਨਰੇਸ਼ ਡੋਗਰਾ ਤੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਸ਼ਹਿਰ ਦੇ ਮਸ਼ਹੂਰ ਹੋਟਲ ਰਾਇਲ ਪਲਾਜ਼ਾ ਮਾਮਲੇ ਵਿੱਚ ਆਈਪੀਸੀ ਦੀ ਧਾਰਾ 307 ਤਹਿਤ ਤਲਬ ਕੀਤਾ ਹੈ। ਅਦਾਲਤ ਵੱਲੋਂ ਇਰਾਦਾ-ਏ-ਕਤਲ ਦੀ ਧਾਰਾ ਤਹਿਤ ਤਲਬ ਕੀਤੇ ਜਾਣ ਤੋਂ ਬਾਅਦ ਨਰੇਸ਼ ਡੋਗਰਾ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਹੈ। ਹੁਸ਼ਿਆਰਪੁਰ ਦੇ ਹੋਟਲ ਰਾਇਲ ਪਲਾਜ਼ਾ ‘ਚ ਸਾਲ 2019 ‘ਚ ਲੜਾਈ ਹੋਈ ਸੀ, ਜਿਸ ‘ਚ ਪੰਜਾਬ ਪੁਲਸ ਦੇ ਅਧਿਕਾਰੀ ਨਰੇਸ਼ ਡੋਗਰਾ ਦਾ ਨਾਂ ਆਇਆ ਸੀ।
ਹੋਟਲ ਰਾਇਲ ਪਲਾਜ਼ਾ ਦੇ ਮਾਲਕ ਵਿਸ਼ਵਨਾਥ ਬੰਟੀ ਅਨੁਸਾਰ 3 ਜਨਵਰੀ 2019 ਨੂੰ ਰਾਤ 9:15 ਵਜੇ ਉਨ੍ਹਾਂ ਨੂੰ ਹੋਟਲ ਮੈਨੇਜਰ ਦਾ ਫੋਨ ਆਇਆ। ਹੋਟਲ ਪ੍ਰਬੰਧਕ ਨੇ ਦੱਸਿਆ ਕਿ ਫਿਲੌਰ ਪੁਲੀਸ ਅਕੈਡਮੀ ਦੇ ਕਮਾਂਡੈਂਟ ਨਰੇਸ਼ ਡੋਗਰਾ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਹੋਟਲ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਨਰੇਸ਼ ਡੋਗਰਾ ਦਾ ਸਾਥ ਦੇਣ ਵਾਲਿਆਂ ਵਿੱਚ ਹੋਟਲ ਰਾਇਲ ਪਲਾਜ਼ਾ ਵਿੱਚ ਬੰਟੀ ਦਾ ਸਾਥੀ ਵਿਵੇਕ ਕੌਸ਼ਲ, ਤਤਕਾਲੀ ਨਾਇਬ ਤਹਿਸੀਲਦਾਰ ਮਨਜੀਤ ਸਿੰਘ, ਸ਼ਿਵੀ ਡੋਗਰਾ, ਹਰਨਾਮ ਸਿੰਘ ਉਰਫ਼ ਹਰਮਨ ਸਿੰਘ ਸਮੇਤ 10-15 ਅਣਪਛਾਤੇ ਵਿਅਕਤੀ ਸ਼ਾਮਲ ਸਨ।
ਵਿਸ਼ਵਨਾਥ ਬੰਟੀ ਅਨੁਸਾਰ ਮੈਨੇਜਰ ਦੇ ਕਹਿਣ ‘ਤੇ ਉਹ ਤੁਰੰਤ ਆਪਣੇ ਤਿੰਨ ਸਾਥੀਆਂ ਅਜੈ ਰਾਣਾ, ਨਵਾਬ ਹੁਸੈਨ ਅਤੇ ਬਾਬੂ ਸਮੇਤ ਹੋਟਲ ਪਹੁੰਚ ਗਿਆ। ਜਦੋਂ ਉਸ ਨੇ ਗੱਲ ਕਰਨੀ ਚਾਹੀ ਤਾਂ ਨਰੇਸ਼ ਡੋਗਰਾ ਨੇ ਉਸ ’ਤੇ ਹਮਲਾ ਕਰ ਦਿੱਤਾ। ਹੁਸ਼ਿਆਰਪੁਰ ਪੁਲੀਸ ਨੇ ਜਦੋਂ ਕੋਈ ਕਾਰਵਾਈ ਨਾ ਕੀਤੀ ਤਾਂ ਉਸ ਦੇ ਵਕੀਲ ਐਚ.ਐਸ.ਸੈਣੀ, ਐਡਵੋਕੇਟ ਨਵੀਨ ਜੈਰਥ ਤੇ ਐਡਵੋਕੇਟ ਗੁਰਵੀਰ ਸਿੰਘ ਚੌਟਾਲਾ ਨੇ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਨਵਾਬ ਹੁਸੈਨ ਦੀ ਤਰਫੋਂ ਸਿਵਲ ਸ਼ਿਕਾਇਤ ਦਾਇਰ ਕੀਤੀ।
ਹੁਸ਼ਿਆਰਪੁਰ ਅਦਾਲਤ ਦੇ ਫੈਸਲੇ ਤੋਂ ਬਾਅਦ ਆਈਪੀਸੀ ਦੀ ਧਾਰਾ 307 ਨਾਲ ਸਬੰਧਤ ਇਸ ਮਾਮਲੇ ਵਿੱਚ ਡੀਸੀਪੀ ਨਰੇਸ਼ ਡੋਗਰਾ, ਵਿਵੇਕ ਕੌਸ਼ਲ, ਸ਼ਿਵੀ ਡੋਗਰਾ, ਮਨਜੀਤ ਸਿੰਘ ਤੇ ਹਰਨਾਮ ਸਿੰਘ ਨੂੰ 15 ਨਵੰਬਰ ਤੋਂ ਪਹਿਲਾਂ ਹਾਈ ਕੋਰਟ ਤੋਂ ਜ਼ਮਾਨਤ ਲੈਣੀ ਪਵੇਗੀ। ਡੋਗਰਾ ਅਤੇ ਉਸਦੇ ਸਾਥੀਆਂ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਹੈ।