ਜਲੰਧਰ। ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਭਾਜਪਾ ਦੀ ਰਾਸ਼ਟਰੀ ਬੁਲਾਰਨ ਨੂਪੁਰ ਸ਼ਰਮਾ ਵੱਲੋਂ ਮੁਹੰਮਦ ਪੈਗੰਬਰ ਉਤੇ ਕੀਤੀ ਗਈ ਟਿੱਪਣੀ ਦਾ ਵਿਵਾਦ ਜਲੰਧਰ ਦੇ ਸਿਟੀ ਇੰਸਟੀਚਿਊਟ ਵਿਚ ਪਹੁੰਚ ਗਿਆ ਹੈ।
ਜਲੰਧਰ ਦੇ ਸਿਟੀ ਇੰਸਟੀਚਿਊਟ ਵਿਚ ਪੜ੍ਹਨ ਵਾਲੀ, ਜੰਮੂ ਦੀ ਰਹਿਣ ਵਾਲੀ ਤੇ ਕਸ਼ਮੀਰੀ ਪੰਡਿਤ ਹਿੰਦੂ ਸਮਾਜ ਦੀ ਵਿਦਿਆਰਥਣ ਨੇ ਹਿੰਦੂ ਸਮਾਜ ਨੂੰ ਲੈ ਕੇ ਨੂਪੁਰ ਸ਼ਰਮਾ ਦੇ ਹੱਕ ਵਿਚ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਸੀ ।
ਇਸ ਤੋਂ ਬਾਅਦ ਸਿਟੀ ਇੰਸਟੀਚਿਊਟ ‘ਚ ਪੜ੍ਹਨ ਵਾਲੇ ਢਾਈ ਸੌ ਕਸ਼ਮੀਰੀ ਮੁਸਲਮਾਨ ਵਿਦਿਆਰਥੀਆਂ ਨੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਹੰਗਾਮਾ ਕੀਤਾ। ਏਥੋਂ ਤੱਕ ਕਿ ਪੋਸਟ ਪਾਉਣ ਵਾਲੀ ਕੁੜੀ ਨਾਲ ਕੁੱਟਮਾਰ ਵੀ ਕੀਤੀ ਤੇ ਉਸ ਤੋਂ ਮਾਫ਼ੀ ਮੰਗਵਾਉਣ ਤੋਂ ਬਾਅਦ ਪੋਸਟ ਵੀ ਡਿਲੀਟ ਕਰਵਾਈ ਗਈ। ਦੱਸ ਦਈਏ ਕਿ ਭਾਜਪਾ ਨੇ ਨੂਪੁਰ ਸ਼ਰਮਾ ਨੂੰ ਪਾਰਟੀ ‘ਚੋਂ ਸਸਪੈਂਡ ਕਰ ਦਿੱਤਾ ਹੈ ।
ਸਿਟੀ ਇੰਸਟੀਚਿਊਟ ਵਿਚ ਹੋਏ ਵਿਵਾਦ ਨੂੰ ਲੈ ਕੇ ਜਦੋਂ ਮੀਡੀਆ ਨੇ ਉੱਥੇ ਜਾ ਕੇ ਹਾਲਾਤ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕੀਤੀ ਤਾਂ ਮੀਡੀਆ ਨੂੰ ਬਾਹਰ ਹੀ ਰੋਕ ਦਿੱਤਾ ਗਿਆ । ਇਸ ਪੂਰੇ ਵਿਵਾਦ ਨੂੰ ਲੈ ਕੇ ਜਦੋਂ ਸਿਟੀ ਇੰਸਟੀਚਿਊਟ ਦੇ ਪੀਆਰਓ ਕਮਲਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹੰਗਾਮੇ ਵਾਲੀ ਕੋਈ ਗੱਲ ਨਹੀਂ ਹੋਈ ।
ਕੁੜੀ ਨੇ ਪੋਸਟ ਪਾਈ ਸੀ। ਦੋ ਘੰਟੇ ਵਿਚ ਹੀ ਮਾਮਲਾ ਸੁਲਝਾ ਕੇ ਪੋਸਟ ਨੂੰ ਡਿਲੀਟ ਕਰਵਾ ਦਿੱਤਾ ਗਿਆ । ਬਾਕੀ ਵਿਦਿਆਰਥੀਆਂ ਨੂੰ ਵੀ ਸਮਝਾ ਦਿੱਤਾ ਗਿਆ ਹੈ ਕਿ ਦੁਬਾਰਾ ਤੋਂ ਇਸ ਤਰ੍ਹਾਂ ਦੀ ਗਲਤੀ ਨਹੀਂ ਹੋਣੀ ਚਾਹੀਦੀ।