ਰੇਲਵੇ ਸਟੇਸ਼ਨ ਕੋਲ ਸ਼ੱਕੀ ਹਾਲਾਤਾਂ ‘ਚ ਮਿਲੀਆਂ 2 ASI ਦੀਆਂ ਲਾਸ਼ਾਂ, ਫਰਾਰ ਚੋਰ ਦਾ ਪਿੱਛਾ ਕਰਦੇ ਹੋਏ ਸੀ ਲਾਪਤਾ

0
314

ਜਲੰਧਰ, 8 ਅਕਤੂਬਰ | ਜ਼ਿਲੇ ਦੇ ਕਸਬਾ ਆਦਮਪੁਰ ਦੇ ਖੁਰਦਪੁਰ ਰੇਲਵੇ ਸਟੇਸ਼ਨ ਨੇੜੇ ਪੰਜਾਬ ਪੁਲਿਸ ਦੇ 2 ਏਐਸਆਈ ਦੀਆਂ ਲਾਸ਼ਾਂ ਸ਼ੱਕੀ ਹਾਲਾਤਾਂ ਵਿਚ ਮਿਲਣ ਤੋਂ ਬਾਅਦ ਸਨਸਨੀ ਦਾ ਮਾਹੌਲ ਬਣ ਗਿਆ ਹੈ। ਇਹ ਦੋਵੇਂ ਚੋਰੀ ਦੇ ਮੁਲਜ਼ਮ ਦੇ ਪਿੱਛੇ ਭੱਜ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਲੱਗਾ। ਦੋਵਾਂ ਦੀਆਂ ਲਾਸ਼ਾਂ ਸੋਮਵਾਰ ਦੇਰ ਰਾਤ ਰੇਲਵੇ ਸਟੇਸ਼ਨ ਨੇੜਿਓਂ ਬਰਾਮਦ ਹੋਈਆਂ।

ਦੋਵੇਂ ਏਐਸਆਈ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ। ਜਿਨ੍ਹਾਂ ਦੀ ਪਛਾਣ ਏਐਸਆਈ ਪ੍ਰੀਤਮ ਦਾਸ ਅਤੇ ਜੀਵਨ ਲਾਲ ਵਜੋਂ ਹੋਈ ਹੈ। ਦੋਵਾਂ ਦੀਆਂ ਲਾਸ਼ਾਂ ਨੂੰ ਜਲੰਧਰ ਦੇ ਜੀਆਰਪੀ ਥਾਣੇ ਦੀ ਪੁਲਿਸ ਨੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਸਟੇਸ਼ਨ ਮਾਸਟਰ ਨਰੇਸ਼ ਰਾਜੂ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਰਾਤ ਨੂੰ ਵੀ ਆਪਣੀ ਡਿਊਟੀ ‘ਤੇ ਸਨ। ਉਹ ਅਜੇ ਆਪਣੇ ਕਮਰੇ ਤੋਂ ਬਾਹਰ ਨਿਕਲਿਆ ਹੀ ਸੀ ਕਿ ਉਸ ਨੇ ਖੁਰਦਪੁਰ ਸਟੇਸ਼ਨ ‘ਤੇ ਬਣ ਰਹੀ ਇਮਾਰਤ ਕੋਲ ਕੁਝ ਸਾਮਾਨ ਪਿਆ ਦੇਖਿਆ। ਜਦੋਂ ਮੈਂ ਨੇੜੇ ਗਿਆ ਤਾਂ ਦੇਖਿਆ ਕਿ ਇਹ ਦੋ ਵਿਅਕਤੀਆਂ ਦੀਆਂ ਲਾਸ਼ਾਂ ਸਨ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਤੁਰੰਤ ਆਦਮਪੁਰ ਪੁਲਿਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਆਦਮਪੁਰ ਥਾਣੇ ਅਤੇ ਜੀਆਰਪੀ ਪੁਲਿਸ ਦੀਆਂ ਟੀਮਾਂ ਜਾਂਚ ਲਈ ਉੱਥੇ ਪਹੁੰਚ ਗਈਆਂ। ਇਸ ਮਾਮਲੇ ‘ਚ ਪੁਲਿਸ ਨੇ ਤੁਰੰਤ ਦੇਰ ਰਾਤ ਫੋਰੈਂਸਿਕ ਟੀਮ ਨੂੰ ਬੁਲਾਇਆ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਨਾਬਾਲਗ ਚੋਰ ਨੂੰ ਲੈ ਕੇ ਜਦੋਂ ਟੀਮ ਆਦਮਪੁਰ ਤੋਂ ਹੁਸ਼ਿਆਰਪੁਰ ਲਈ ਗਈ ਤਾਂ ਰਸਤੇ ‘ਚ ਉਨ੍ਹਾਂ ਨੇ ਆਪਣਾ ਮੋਟਰਸਾਈਕਲ ਕਿਤੇ ਰੋਕ ਲਿਆ ਸੀ। ਜਿੱਥੇ ਉਕਤ ਨਾਬਾਲਗ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ। ਹਾਲਾਂਕਿ ਇਸ ਮਾਮਲੇ ਸਬੰਧੀ ਕੋਈ ਵੀ ਅਧਿਕਾਰੀ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਿਹਾ ਹੈ। ਫਿਲਹਾਲ ਮਾਮਲੇ ‘ਚ ਕਤਲ ਦੇ ਕੋਣ ਤੋਂ ਜਾਂਚ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਏਐਸਆਈ ਪ੍ਰੀਤਮ ਸਿੰਘ ਅਤੇ ਜੀਵਨ ਲਾਲ ਸੋਮਵਾਰ ਦੁਪਹਿਰ ਦੋ ਚੋਰੀ ਦੇ ਮੁਲਜ਼ਮਾਂ ਨੂੰ ਜਲੰਧਰ ਅਦਾਲਤ ਵਿਚ ਪੇਸ਼ੀ ਲਈ ਲੈ ਕੇ ਆਏ ਸਨ। ਦੋਵਾਂ ਨੂੰ ਦੁਪਹਿਰ ਬਾਅਦ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਇੱਕ ਦੋਸ਼ੀ ਨੂੰ ਜਲੰਧਰ ਦਿਹਾਤ ਦੇ ਥਾਣਾ ਆਦਮਪੁਰ ਵਿਖੇ ਉਤਾਰਿਆ ਜਾਣਾ ਸੀ। ਇਸ ਦੇ ਨਾਲ ਹੀ ਦੋਵੇਂ ਏਐਸਆਈ ਦੂਜੇ ਨਾਬਾਲਗ ਮੁਲਜ਼ਮ ਨੂੰ ਲੈ ਕੇ ਹੁਸ਼ਿਆਰਪੁਰ ਲਈ ਰਵਾਨਾ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਲੱਗਾ। ਜਦੋਂ ਦੋਵੇਂ ਏ.ਐਸ.ਆਈ ਸ਼ਾਮ ਨੂੰ ਨਾਬਾਲਿਗ ਨੂੰ ਲੈ ਕੇ ਹੁਸ਼ਿਆਰਪੁਰ ਲਈ ਰਵਾਨਾ ਹੋ ਰਹੇ ਸਨ ਤਾਂ ਰਸਤੇ ਵਿੱਚ ਦੋਵੇਂ ਕਿਧਰੇ ਲਾਪਤਾ ਹੋ ਗਏ।

ਦੱਸ ਦੇਈਏ ਕਿ ਜਦੋਂ ਜੀਆਰਪੀ ਪੁਲਿਸ ਜਾਂਚ ਕਰ ਰਹੀ ਸੀ ਤਾਂ ਦੋਵਾਂ ਦੀਆਂ ਜੇਬਾਂ ਵਿੱਚੋਂ ਪੰਜਾਬ ਪੁਲਿਸ ਦਾ ਆਈਡੀ ਕਾਰਡ ਮਿਲਿਆ ਸੀ। ਜਿਸ ਤੋਂ ਪਤਾ ਲੱਗਾ ਕਿ ਦੋਵੇਂ ਮ੍ਰਿਤਕ ਪੁਲਿਸ ਮੁਲਾਜ਼ਮ ਸਨ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਤੁਰੰਤ ਜਲੰਧਰ ਦਿਹਾਤ ਪੁਲਿਸ ਅਤੇ ਹੁਸ਼ਿਆਰਪੁਰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ। ਫਿਲਹਾਲ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ।

ਪੁਲਿਸ ਵੱਲੋਂ ਕਤਲ ਅਤੇ ਖੁਦਕੁਸ਼ੀ ਦੇ ਐਂਗਲ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਵੇਂ ਪੁਲਿਸ ਮੁਲਾਜ਼ਮਾਂ ਨੇ ਜ਼ਹਿਰ ਨਿਗਲ ਲਿਆ ਹੈ ਪਰ ਫਿਲਹਾਲ ਕਿਸੇ ਵੀ ਅਧਿਕਾਰੀ ਨੇ ਇਸ ਮਾਮਲੇ ਵਿਚ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)