ਜਲੰਧਰ : ਬਾਈਕ ਤੇ ਕਾਰ ਵਿਚਾਲੇ ਮਾਮੂਲੀ ਟੱਕਰ ਮਗਰੋਂ ਨੌਜਵਾਨਾਂ ਨੇ ਗੱਡੀ ਚਾਲਕ ਕੁੱਟਿਆ; ਫਿਰ ਬੋਨਟ ’ਤੇ ਚੜ੍ਹ ਕੇ ਭੰਨੇ ਸ਼ੀਸ਼ੇ

0
381

ਜਲੰਧਰ, 29 ਅਕਤੂਬਰ | ਇਥੋਂ ਇਕ ਗੁੰਡਾਗਰਦੀ ਦੀ ਘਟਨਾ ਸਾਹਮਣੇ ਆਈ ਹੈ। ਸ਼੍ਰੀ ਰਾਮ ਚੌਕ ਨੇੜੇ ਬਾਈਕ ਅਤੇ ਕਾਰ ਵਿਚਕਾਰ ਹੋਈ ਟੱਕਰ ਤੋਂ ਬਾਅਦ ਬਾਈਕ ਸਵਾਰਾਂ ਨੇ ਰੱਜ ਕੇ ਗੁੰਡਾਗਰਦੀ ਕੀਤੀ ਤੇ ਫ਼ਿਲਮੀ ਅੰਦਾਜ਼ ’ਚ ਕਾਰ ਦੇ ਬੋਨਟ ’ਤੇ ਚੜ੍ਹ ਕੇ ਪਹਿਲਾਂ ਕਾਰ ਦਾ ਸ਼ੀਸ਼ਾ ਤੋੜਿਆ ਅਤੇ ਬਾਅਦ ’ਚ ਕਾਰ ਚਾਲਕ ਦੀ ਕੁੱਟਮਾਰ ਕੀਤੀ। ਗੁੰਡਾਗਰਦੀ ਕਰਨ ਵਾਲੇ ਨੌਜਵਾਨ ਖ਼ਿਲਾਫ਼ ਥਾਣਾ ਨੰ. 4 ’ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਾਣਕਾਰੀ ਦਿੰਦਿਆਂ ਵਿਨੈ ਨਗਰ ਨਿਵਾਸੀ ਰਾਜੇਸ਼ ਨੰਦਾ ਨੇ ਦੱਸਿਆ ਕਿ ਉਹ ਕਾਰੋਬਾਰੀ ਹੈ। ਸ਼ਨੀਵਾਰ ਰਾਤ ਨੂੰ ਉਹ ਸ਼੍ਰੀ ਰਾਮ ਚੌਕ ਨੇੜਿਓਂ ਜਾ ਰਹੇ ਸਨ।

ਇਸ ਦੌਰਾਨ ਬਾਈਕ ਦਾ ਫੂਟਰ ਉਸ ਦੀ ਕਾਰ ਨਾਲ ਟਕਰਾਅ ਗਿਆ। ਇਸ ’ਚ ਬਾਈਕ ਚਾਲਕ ਦਾ ਹੀ ਕਸੂਰ ਸੀ, ਜਿਸ ’ਤੇ 3 ਨੌਜਵਾਨ ਸਵਾਰ ਸਨ। ਉਕਤ ਨੌਜਵਾਨਾਂ ਨੇ ਪਹਿਲਾਂ ਉਸ ਨੂੰ ਜ਼ਬਰਦਸਤੀ ਰੋਕਿਆ ਅਤੇ ਬਾਅਦ ’ਚ 2 ਨੌਜਵਾਨ ਕਾਰ ਦੇ ਬੋਨਟ ’ਤੇ ਚੜ੍ਹ ਗਏ ਅਤੇ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੱਤੇ। ਕਿਸੇ ਤਰ੍ਹਾਂ ਉਸ ਨੇ ਆਪਣਾ ਬਚਾਅ ਕੀਤਾ ਅਤੇ ਕਾਰ ਤੋਂ ਬਾਹਰ ਆ ਗਿਆ। ਇਸ ਦੌਰਾਨ ਉਕਤ ਨੌਜਵਾਨਾਂ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਰਾਜੇਸ਼ ਨੇ ਕਿਹਾ ਕਿ ਬਾਈਕ ਸਵਾਰਾਂ ਨੇ ਗੱਡੀ ਅੰਦਰ ਵੜ ਕੇ ਸਾਮਾਨ ਲੁੱਟਣ ਦੀ ਵੀ ਕੋਸ਼ਿਸ਼ ਕੀਤੀ। ਉਨ੍ਹਾਂ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਤੋਂ ਮੰਗ ਕੀਤੀ ਹੈ ਕਿ ਸ਼ਹਿਰ ’ਚ ਦੇਰ ਸ਼ਾਮ ਪੀ.ਸੀ.ਆਰ. ਟੀਮਾਂ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਫੜਿਆ ਜਾ ਸਕੇ। ਪੁਲਿਸ ਇਨ੍ਹਾਂ ਬਦਮਾਸ਼ਾਂ ਦੀ ਭਾਲ ਕਰ ਰਹੀ ਹੈ।