ਜਲੰਧਰ : ਪ੍ਰਸ਼ਾਸਨ ਨੇ ਘਰਾਂ ‘ਚ ਫਸੇ 34 ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਸ਼ੁਰੂ ਕੀਤਾ ਨਾਈਟ ਰੈਸਕਿਊ ਆਪ੍ਰੇਸ਼ਨ, ਡਿਪਟੀ ਕਮਿਸ਼ਨਰ ਨੇ ਖੁਦ ਕੀਤੀ ਨਿਗਰਾਨੀ

0
421

ਜਲੰਧਰ | ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਨੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀ ਅਗਵਾਈ ਵਿੱਚ ਸੋਮਵਾਰ ਨੂੰ ਦੇਰ ਰਾਤ ਗਿੱਦੜਪਿੰਡੀ ਨੇੜਲੇ ਪਿੰਡ ਜਾਨੀਆਂ ਵਿਖੇ ਪਾਣੀ ਵਿੱਚ ਫਸੇ ਕਰੀਬ 34 ਲੋਕਾਂ ਨੂੰ ਕੱਢਣ ਲਈ ਇਕ ਵਿਸ਼ੇਸ਼ ਮੁਹਿੰਮ ਵਿੱਢੀ। ਇਸ ਮੁਹਿੰਮ ਤਹਿਤ ਐਨ.ਡੀ.ਆਰ.ਐਫ. ਟੀਮਾਂ ਨੇ ਕਿਸ਼ਤੀਆਂ ਰਾਹੀਂ ਪਿੰਡ ਦੇ ਘਰ-ਘਰ ਜਾ ਕੇ ਲੋਕਾਂ ਨੂੰ ਕੱਢਣ ਦਾ ਕੰਮ ਸ਼ੁਰੂ ਕੀਤਾ। ਡਿਪਟੀ ਕਮਿਸ਼ਨਰ ਖੁਦ ਮੌਕੇ ’ਤੇ ਮੌਜੂਦ ਰਹਿ ਕੇ ਪੂਰੇ ਆਪ੍ਰੇਸ਼ਨ ਦੀ ਨਿਗਰਾਨੀ ਕਰ ਰਹੇ ਹਨ।

ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਅਲਰਟ ਮਿਲਿਆ ਸੀ ਕਿ ਪਿੰਡ ਜਾਨੀਆਂ ਵਿੱਚ ਲਗਭਗ 34 ਲੋਕ ਆਪਣੇ ਘਰਾਂ ਵਿੱਚ ਫਸੇ ਹੋਏ ਹਨ, ਜਿਨ੍ਹਾਂ ਨੂੰ ਕੱਢਣ ਲਈ ਉਸੇ ਸਮੇਂ ਨਾਈਟ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਚਾਅ ਕਰਮੀਆਂ ਨੇ ਲਗਾਤਾਰ ਲੋਕਾਂ ਨੂੰ ਕੱਢਣ ਦੇ ਯਤਨ ਕਰਦਿਆਂ ਇਕ-ਇਕ ਕਰਕੇ ਘਰਾਂ ਵਿੱਚ ਫਸੇ ਲੋਕਾਂ ਨੂੰ ਬਾਹਰ ਲਿਆਉਣਾ ਸ਼ੁਰੂ ਕਰ ਦਿੱਤਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਜਾਨਮਾਲ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਕਾਰਜ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਪ੍ਰਸ਼ਾਸਨ ਦੇ ਅਧਿਕਾਰੀ ਸਵੇਰ ਤੋਂ ਫਿਲੌਰ, ਨਕੋਦਰ, ਸ਼ਾਹਕੋਟ ਅਤੇ ਲੋਹੀਆਂ ਦੇ ਪ੍ਰਭਾਵਿਤ ਇਲਾਕਿਆਂ ਵਿੱਚ ਡਟੇ ਹੋਏ ਹਨ ਅਤੇ ਸਾਰਿਆਂ ਵੱਲੋਂ ਸੁਰੱਖਿਆ ਅਭਿਆਨ ਦੀ ਵਿਅਕਤੀਗਤ ਤੌਰ ’ਤੇ ਨਿਗਰਾਨੀ ਕੀਤੀ ਜਾ ਰਹੀ ਹੈ।