ਜਲੰਧਰ | ਜੀਪੀਓ ਦੇ ਬਿਲਕੁਲ ਸਾਹਮਣੇ ਸਥਿਤ ਇਕ ਬੈਂਕ ‘ਚ ਪੈਸੇ ਜਮ੍ਹਾ ਕਰਵਾਉਣ ਆਏ ਇਕ ਬਜ਼ੁਰਗ ਕੋਲੋਂ ਨੌਜਵਾਨ ਬਜ਼ੁਰਗਾਂ ਦੀ ਸਹਾਇਤਾ ਕਰਨ ਦਾ ਕਹਿ ਕੇ 4 ਲੱਖ ਲੁੱਟ ਕੇ ਫਰਾਰ ਹੋ ਗਏ। ਸਾਰੀ ਘਟਨਾ ਬੈਂਕ ‘ਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।
ਜਾਣਕਾਰੀ ਅਨੁਸਾਰ ਫਗਵਾੜਾ ਗੇਟ ਸਥਿਤ ਰਾਜਨ ਇਲੈਕਟ੍ਰੀਕਲਜ਼ ਦੇ ਮਾਲਕ ਦੇ ਪਿਤਾ ਇੰਡੀਅਨ ਓਵਰਸੀਜ਼ ਬੈਂਕ ਵਿਚ 4 ਲੱਖ ਰੁਪਏ ਜਮ੍ਹਾ ਕਰਵਾਉਣ ਗਏ ਸਨ। ਜਦੋਂ ਉਹ ਨਕਦੀ ਜਮ੍ਹਾ ਕਰਵਾਉਣ ਲਈ ਲਾਈਨ ਵਿਚ ਖੜ੍ਹੇ ਸਨ, ਇਕ ਨੌਜਵਾਨ ਉਨ੍ਹਾਂ ਕੋਲ ਆਇਆ ਤੇ ਕਹਿਣ ਲੱਗਾ ਕਿ ਉਹ ਬੈਂਕ ਦਾ ਮੁਲਾਜ਼ਮ ਹੈ ਤੇ ਬਜ਼ੁਰਗਾਂ ਦੀ ਸਹਾਇਤਾ ਕਰਨ ਲਈ ਖੜ੍ਹਾ ਹੈ।
ਇੰਨਾ ਕਹਿੰਦੇ ਹੀ ਉਨ੍ਹਾਂ ਦੇ ਹੱਥ ਵਿਚੋਂ 4 ਲੱਖ ਰੁਪਏ ਲੈ ਕੇ ਉਹ ਬੈਂਕ ‘ਚੋਂ ਬਾਹਰ ਨਿਕਲ ਗਿਆ। ਜਦੋਂ ਕਾਫੀ ਦੇਰ ਤਕ ਉਹ ਨੌਜਵਾਨ ਵਾਪਸ ਨਹੀਂ ਆਇਆ ਤਾਂ ਇਸ ਦੀ ਸੂਚਨਾ ਬੈਂਕ ਮੈਨੇਜਰ ਨੂੰ ਦਿੱਤੀ। ਜਿਨ੍ਹਾਂ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲ ਰਹੀ ਹੈ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਚੁੱਕੀ ਹੈ, ਜਿਸ ਦੇ ਅਧਾਰ ‘ਤੇ ਪੁਲਿਸ ਲੁਟੇਰੇ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।