ਜਲੰਧਰ : ਤੇਜ਼ ਰਫਤਾਰ ਬਲੈਰੋ ਚਾਲਕ ਨੇ ਦੁਕਾਨ ‘ਤੇ ਬੈਠੀ ਦਾਦੀ-ਪੋਤੀ ‘ਤੇ ਚਾੜ੍ਹੀ; 3 ਸਾਲ ਦੀ ਪੋਤੀ ਦੀ ਦਰਦਨਾਕ ਮੌਤ

0
237

ਜਲੰਧਰ/ਕਰਤਾਰਪੁਰ, 25 ਅਕਤੂਬਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਕਰਤਾਰਪੁਰ ਵਿਚ ਦਰਦਨਾਕ ਸੜਕ ਹਾਦਸਾ ਵਾਪਰਨ ਕਰਕੇ ਇਕ ਪਰਿਵਾਰ ਦੀਆਂ ਖ਼ੁਸ਼ੀਆਂ ਮਾਤਮ ਵਿਚ ਬਦਲ ਗਈਆਂ। ਦਰਅਸਲ ਕਰਤਾਰਪੁਰ ਵਿਚ ਕੱਲ ਰਾਤ ਟਾਇਰ ਪੰਕਚਰ ਦੀ ਦੁਕਾਨ ਦੇ ਬਾਹਰ ਬੈਠੀ ਦਾਦੀ-ਪੋਤੀ ਅਤੇ ਇਕ ਪ੍ਰਵਾਸੀ ਮਜ਼ਦੂਰ ਨੂੰ ਬੇਕਾਬੂ ਬਲੈਰੋ ਗੱਡੀ ਨੇ ਆਪਣੀ ਲਪੇਟ ’ਚ ਲੈ ਲਿਆ, ਜਿਸ ਦੌਰਾਨ 3 ਸਾਲ ਦੀ ਬੱਚੀ ਦੀ ਦਰਦਨਾਕ ਮੌਤ ਹੋ ਗਈ ਜਦਕਿ ਬੱਚੀ ਦੀ ਦਾਦੀ ਦੇ ਸਿਰ ਵਿਚ ਸੱਟ ਲੱਗੀ ਤੇ ਪ੍ਰਵਾਸੀ ਮਜ਼ਦੂਰ ਦੀ ਲੱਤ ਟੁੱਟਣ ਨਾਲ ਹੋਰ ਵੀ ਗੰਭੀਰ ਸੱਟਾਂ ਲੱਗੀਆਂ।

ਲੋਕਾਂ ਮੁਤਾਬਕ ਡਰਾਈਵਰ ਮੋਬਾਇਲ ਦੀ ਵਰਤੋਂ ਕਰ ਰਿਹਾ ਸੀ, ਜਿਸ ਕਾਰਨ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਸਨਮ ਸਿਨੇਮਾ ਨੇੜੇ ਟਾਇਰ ਪੰਕਚਰ ਠੀਕ ਕਰਨ ਦਾ ਕੰਮ ਕਰ ਰਹੇ ਪਰਮਜੀਤ ਸਿੰਘ ਦੀ ਪਤਨੀ ਪੰਮੀ ਆਪਣੀ ਪੋਤੀ ਨਨਿਆ ਪੁੱਤਰੀ ਸੰਦੀਪ ਸਿੰਘ ਹੈਪੀ ਨਾਲ ਦੁਕਾਨ ਦੇ ਬਾਹਰ ਲੜਕੀ ਨਾਲ ਬੈਠੀ ਸੀ ਤੇ ਇਕ ਪ੍ਰਵਾਸੀ ਮਜ਼ਦੂਰ ਉਥੇ ਬੈਠਾ ਸੀ। ਇਸ ਦੌਰਾਨ ਅਚਾਨਕ ਇਕ ਤੇਜ਼ ਰਫ਼ਤਾਰ ਬਲੈਰੋ ਗੱਡੀ, ਜਿਸ ਨੂੰ ਬਲਵਿੰਦਰ ਪਾਲ ਪੁੱਤਰ ਕੀਮਤੀ ਲਾਲ ਵਾਸੀ ਪਿੰਡ ਜਾਹੂ ਥਾਣਾ ਹਮੀਰਪੁਰ ਹਿਮਾਚਲ ਪ੍ਰਦੇਸ਼ ਚਲਾ ਰਿਹਾ ਸੀ, ਸੜਕ ਕਿਨਾਰੇ ਉਕਤ ਦੁਕਾਨ ’ਚ ਜਾ ਵੜਿਆ, ਜਿਸ ਕਾਰਨ ਬਾਹਰ ਬੈਠੇ ਉਕਤ 3 ਲੋਕਾਂ ਨੂੰ ਵਾਹਨ ਨੇ ਆਪਣੀ ਲਪੇਟ ’ਚ ਲੈ ਲਿਆ।

ਇਸ ਦੌਰਾਨ 3 ਸਾਲ ਦੀ ਬੱਚੀ ਨਨਿਆ ਦੀ ਮੌਤ ਹੋ ਗਈ। ਦੋਵੇਂ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਬਾਅਦ ’ਚ ਜਲੰਧਰ ਰੈਫਰ ਕਰ ਦਿੱਤਾ। ਲੋਕਾਂ ਮੁਤਾਬਕ ਉਸ ਸਮੇਂ ਗੱਡੀ ਦਾ ਡਰਾਈਵਰ ਦਾ ਆਪਣੇ ਮੋਬਾਇਲ ’ਤੇ ਧਿਆਨ ਸੀ। ਪੁਲਿਸ ਨੇ ਡਰਾਈਵਰ ਅਤੇ ਗੱਡੀ ਨੂੰ ਹਿਰਾਸਤ ’ਚ ਲੈ ਲਿਆ। ਪੁਲਿਸ ਬਿਆਨ ਲੈ ਕੇ ਅਗਲੇਰੀ ਕਾਰਵਾਈ ਕਰ ਰਹੀ ਹੈ।