ਜਲੰਧਰ : ਜਾਅਲੀ ਦਸਤਖ਼ਤ ਕਰਕੇ ਭਰਾ ਦੇ ਖਾਤੇ ’ਚੋਂ 20 ਲੱਖ ਕਢਵਾਉਣ ਵਾਲਾ ਭਰਾ ਗ੍ਰਿਫਤਾਰ

0
580

ਜਲੰਧਰ, 23 ਅਕਤੂਬਰ | ਆਪਣੇ ਭਰਾ ਦੇ ਜਾਅਲੀ ਦਸਤਖ਼ਤ ਕਰਕੇ ਖਾਤੇ ’ਚੋਂ 20 ਲੱਖ ਰੁਪਏ ਕਢਵਾਉਣ ਵਾਲੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ। 7 ਮਹੀਨਿਆਂ ਬਾਅਦ ਉਸ ਨੂੰ ਫੜਿਆ ਹੈ। ਮੁਲਜ਼ਮ ਦੀ ਪਛਾਣ ਵਡਾਲਾ ਚੌਕ ਦੇ ਰਹਿਣ ਵਾਲੇ ਵਿਨੀਤ ਗੁਪਤਾ ਵਜੋਂ ਹੋਈ ਹੈ, ਜਿਸ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ।

ਵਡਾਲਾ ਚੌਕ ਦੇ ਵਸਨੀਕ ਪੁਨੀਤ ਗੁਪਤਾ ਅਤੇ ਉਸ ਦੀ ਪਤਨੀ ਜੀਆ ਨੇ ਦੱਸਿਆ ਕਿ ਪੁਨੀਤ ਦੇ ਭਰਾ ਵਿਨੀਤ ਨੇ ਜਾਅਲੀ ਦਸਤਖ਼ਤਾਂ ਰਾਹੀਂ ਉਨ੍ਹਾਂ ਦੇ ਸਾਂਝੇ ਬੈਂਕ ਖਾਤੇ ’ਚੋਂ 20 ਲੱਖ ਰੁਪਏ ਕਢਵਾ ਲਏ ਸਨ। ਉਸ ਨੇ ਦੱਸਿਆ ਕਿ ਉਸ ਦਾ ਵਿਨੀਤ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਇਸ ਸਬੰਧੀ ਉਸ ਨੇ ਕਰੀਬ 7 ਮਹੀਨੇ ਪਹਿਲਾਂ ਮਾਡਲ ਟਾਊਨ ਸਥਿਤ ਡਾਕਖਾਨੇ ਵਿਚ ਆਪਣਾ ਪੀਪੀਐੱਫ ਖਾਤਾ ਬੰਦ ਕਰਨ ਦੀ ਗੱਲ ਲਿਖਵਾਈ ਸੀ ਅਤੇ ਇਹ ਵੀ ਲਿਖਿਆ ਸੀ ਕਿ ਉਸ ਦਾ ਵਿਨੀਤ ਨਾਲ ਕੋਈ ਵਿੱਤੀ ਲੈਣ-ਦੇਣ ਨਹੀਂ ਹੈ।

ਇਸ ਦੇ ਬਾਵਜੂਦ 13 ਅਪ੍ਰੈਲ ਨੂੰ ਉਸ ਦੇ ਫੋਨ ’ਤੇ ਮੈਸੇਜ ਆਇਆ ਕਿ ਉਸ ਦੇ ਖਾਤੇ ’ਚੋਂ 20 ਲੱਖ ਰੁਪਏ ਕਢਵਾ ਲਏ ਹਨ ਅਤੇ ਉਸ ਦਾ ਖਾਤਾ ਬੰਦ ਕਰ ਦਿੱਤਾ ਹੈ। ਪੁਨੀਤ ਤੇ ਜੀਆ ਨੇ ਦੱਸਿਆ ਕਿ 13 ਅਪ੍ਰੈਲ ਨੂੰ ਵਿਸਾਖੀ ਦੀ ਛੁੱਟੀ ਹੋਣ ਕਾਰਨ ਉਹ ਬੈਂਕ ਨਹੀਂ ਜਾ ਸਕੇ। ਅਗਲੇ ਦਿਨ ਜਦੋਂ ਉਹ ਬੈਂਕ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਵਿਨੀਤ ਗੁਪਤਾ ਨੇ ਜਾਅਲੀ ਦਸਤਖ਼ਤ ਕਰਕੇ ਖਾਤੇ ਵਿਚੋਂ ਪੈਸੇ ਕਢਵਾ ਲਏ ਹਨ।

ਜਦੋਂ ਉਸ ਨੇ ਬੈਂਕ ਮੈਨੇਜਰ ਤੇ ਹੋਰ ਕਰਮਚਾਰੀਆਂ ਨਾਲ ਗੱਲ ਕੀਤੀ ਤਾਂ ਬੈਂਕ ਕਰਮਚਾਰੀਆਂ ਨੇ ਦੱਸਿਆ ਕਿ ਪੈਸੇ ਕਢਵਾਉਣ ਵਾਲੇ ਵਿਅਕਤੀ ਨੇ ਮਾਸਕ ਪਾਇਆ ਹੋਇਆ ਸੀ। ਬਾਅਦ ਵਿਚ ਉਸਨੇ ਥਾਣਾ 6 ਵਿਚ ਇਸਦੀ ਸ਼ਿਕਾਇਤ ਦਿੱਤੀ। 7 ਮਹੀਨਿਆਂ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਵਿਨੀਤ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।