ਜਲੰਧਰ : ਸੂਟਾਂ ਦੇ ਥਾਨ ਚੋਰੀ ਕਰਨ ਵਾਲੇ ਮਹਿਲਾਵਾਂ ਸਣੇ 5 ਕਾਬੂ, ਚੋਰੀ ਕੀਤੇ ਸੂਟਾਂ ਦੇ 14 ਥਾਨ ਬਰਾਮਦ

0
587

ਗੁਰਾਇਆ, 6 ਨਵੰਬਰ | ਜਲੰਧਰ ਵਿਚ ਸੂਟਾਂ ਦੇ ਥਾਨ (ਸੂਟ ਕੱਪੜਾ) ਚੋਰੀ ਕਰਨ ਵਾਲੀਆਂ 4 ਔਰਤਾਂ ਅਤੇ 1 ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤੇ ਸੂਟਾਂ ਦੇ 14 ਥਾਨ ਬਰਾਮਦ ਕੀਤੇ ਗਏ ਹਨ।

ਮੁੱਖ ਅਫਸਰ ਥਾਣਾ ਗੁਰਾਇਆ ਅਨੁਸਾਰ ਜੀਸ਼ਨ ਪੁੱਤਰ ਇਰਫਾਨ ਵਾਸੀ ਨੀਵਾਂ ਗੁਰਦੁਆਰਾ ਸਾਹਿਬ ਬੜਾ ਪਿੰਡ ਰੋਡ ਗੁਰਾਇਆ ਨੇ ਦੱਸਿਆ ਕਿ ਉਹ ਬੱਸ ਅੱਡਾ ਗੁਰਾਇਆ ਦੇ ਨਜ਼ਦੀਕ ਯਮ ਯਮ ਫੈਬਰਿਕ ਨਾਮ ਦੀ ਕੱਪੜੇ ਦੀ ਦੁਕਾਨ ਕਰਦਾ ਹੈ, 3 ਨਵੰਬਰ 1:30 ਵਜੇ ਉਸ ਦੀ ਦੁਕਾਨ ‘ਤੇ 14 ਔਰਤਾਂ ਆਈਆਂ ਅਤੇ ਉਸ ਨੂੰ ਲੇਡੀ ਸੂਟ ਦਿਖਾਉਣ ਨੂੰ ਕਹਿਣ ਲੱਗੀਆਂ। ਉਸ ਨੇ ਉਨ੍ਹਾਂ ਔਰਤਾਂ ਨੂੰ ਵੱਖ ਵੱਖ ਤਰ੍ਹਾਂ ਦੇ ਸੂਟ ਦਿਖਾਉਣੇ ਸ਼ੁਰੂ ਕੀਤੇ ਹੀ ਸੀ ਕਿ ਇਸੇ ਦੌਰਾਨ ਇਨ੍ਹਾਂ ਨੇ ਕੋਈ ਵੀ ਸੂਟ ਨਹੀਂ ਖਰੀਦਿਆ ਅਤੇ ਚਲੇ ਗਈਆਂ। ਉਸ ਨੇ ਕਰੀਬ 5 ਮਿੰਟ ਬਾਅਦ ਵੇਖਿਆ ਤਾਂ ਦੁਕਾਨ ਤੋਂ 14 ਥਾਨ ਚੋਰੀ ਹੋ ਚੁੱਕੇ ਸਨ।

ਜਦੋਂ ਉਸ ਨੇ ਦੁਕਾਨ ‘ਤੇ ਬਾਹਰ ਆ ਕੇ ਇਨ੍ਹਾਂ ਚਾਰੇ ਔਰਤਾਂ ਦਾ ਪਿੱਛਾ ਕੀਤਾ ਤਾਂ ਇਹ ਇੱਕ ਆਟੋ ਨੰਬਰ PB-10-D-6710 ਵਿਚ ਸਵਾਰ ਹੋ ਕੇ ਜਲੰਧਰ ਵਾਲੀ ਸਾਈਡ ਨੂੰ ਚਲੇ ਗਈਆਂ। ਜਦੋਂ ਉਸ ਨੇ ਰਾਹਗੀਰਾਂ ਦੀ ਮਦਦ ਨਾਲ ਆਟੋ ਰੋਕਿਆ ਤਾਂ ਚੋਰੀ ਹੋਇਆ ਕੱਪੜਾ ਵੀ ਮਿਲ ਗਿਆ।

ਇਨ੍ਹਾਂ ਔਰਤਾਂ ਦੇ ਨਾਂ ਕਮਲੇਸ਼ ਪਤਨੀ ਗੁਰਮੀਤ ਲਾਲ, ਬਲਵਿੰਦਰ ਕੌਰ ਉਰਫ ਬਿੱਲੋ ਪਤਨੀ ਆਸ਼ੂ, ਨੀਤੂ ਪਤਨੀ ਸੰਨੀ ਤੇ ਲਖਵਿੰਦਰ ਕੁਮਾਰ ਪੁੱਤਰ ਤੁਲਸੀ ਰਾਮ ਵਾਸੀ ਗੰਨਾ ਪਿੰਡ ਥਾਣਾ ਫਿਲੌਰ, ਜਲੰਧਰ ਹਨ। ਇਨ੍ਹਾਂ ਖਿਲਾਫ ਗੁਰਾਇਆ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਇਸ ਮਾਮਲੇ ਵਿਚ ਕਮਲੇਸ਼ ਪਤਨੀ ਗੁਰਮੀਤ ਲਾਲ, ਕਾਂਤਾ ਪਤਨੀ ਗੁਰਮੀਤ ਲਾਲ, ਬਲਵਿੰਦਰ ਕੌਰ ਉਰਫ ਬਿੱਲੋ ਪਤਨੀ ਆਸ਼ੂ, ਨੀਤੂ ਪਤਨੀ ਸੰਨੀ ਅਤੇ ਲਖਵਿੰਦਰ ਕੁਮਾਰ ਪੁੱਤਰ ਤੁਲਸੀ ਰਾਮ ਵਾਸੀ ਗੰਨਾ ਪਿੰਡ ਨੂੰ ਗ੍ਰਿਫਤਾਰ  ਕਰ ਲਿਆ ਗਿਆ ਹੈ।