ਜਲੰਧਰ/ਭੋਗਪੁਰ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਸਗਰਾਂਵਾਲੀ ਦੇ ਗੁਰਪ੍ਰੀਤ ਸਿੰਘ ਉਰਫ ਗੋਪੀ (31) ਨੇ ਆਪਣੇ ਵਿਆਹ ਤੋਂ 3 ਦਿਨ ਪਹਿਲਾਂ ਜਾਨ ਦੇ ਦਿੱਤੀ। ਗੁਰਪ੍ਰੀਤ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਆਪਣੇ ਨਾਨਕੇ ਪਿੰਡ ਸਗਰਾਂਵਾਲੀ ਰਹਿੰਦਾ ਸੀ। ਉਸ ਦੇ ਪਿਤਾ ਰਣਜੀਤ ਸਿੰਘ ਦੀ ਉਸ ਦੇ ਜਨਮ ਤੋਂ 4 ਮਹੀਨੇ ਪਹਿਲਾਂ ਮੌਤ ਹੋ ਗਈ ਸੀ, ਜਿਸ ਕਰਕੇ ਉਸ ਦਾ ਪਾਲਣ-ਪੋਸ਼ਣ ਉਸ ਦੀ ਮਾਤਾ ਰਾਜਵਿੰਦਰ ਕੌਰ ਨੇ ਕੀਤਾ।
5 ਅਪ੍ਰੈਲ ਨੂੰ ਉਸ ਦਾ ਵਿਆਹ ਰੱਖਿਆ ਹੋਇਆ ਸੀ। ਉਸ ਨੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਜਾਨ ਦੇ ਦਿੱਤੀ। ਜਦੋਂ ਪਰਿਵਾਰ ਨੇ ਦੇਖਿਆ ਤਾਂ ਉਨ੍ਹਾਂ ਨੇ ਦਰਵਾਜ਼ਾ ਤੋੜ ਕੇ ਉਸ ਨੂੰ ਸਿਵਲ ਹਸਪਤਾਲ ਕਾਲਾ ਬੱਕਰਾ ਲਿਆਂਦਾ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੇ ਮਾਸੀ ਦੇ ਲੜਕੇ ਜਗਦੀਪ ਸਿੰਘ ਦੇ ਬਿਆਨਾਂ ’ਤੇ ਥਾਣਾ ਭੋਗਪੁਰ ਵਿਚ 174 ਅਧੀਨ ਕਾਰਵਾਈ ਕੀਤੀ ਗਈ ਹੈ।