ਲੋਹੇ ਦੀ ਪੌੜੀ ਹਾਈ ਵੋਲਟੇਜ ਤਾਰਾਂ ਨਾਲ ਟਕਰਾਈ, 18 ਵਰ੍ਹਿਆਂ ਦੇ ਇਕਲੌਤੇ ਪੁੱਤ ਦੀ ਅੱਖ ਝਪਕਦਿਆਂ ਮੌਤ, ਅਗਲੇ ਹਫਤੇ ਜਾਣਾ ਸੀ ਕੈਨੇਡਾ

0
1570

ਫਤਿਹਗੜ੍ਹ ਸਾਹਿਬ| ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਚੋਲਟੀ ਖੇੜੀ ਵਿੱਚ ਬਿਜਲੀ ਦਾ ਕਰੰਟ ਲੱਗਣ ਨਾਲ ਪਰਿਵਾਰ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ। ਇਹ ਨੌਜਵਾਨ ਕੈਨੇਡਾ ਜਾਣ ਤੋਂ ਇਕ ਹਫ਼ਤਾ ਪਹਿਲਾਂ ਹਾਦਸੇ ਦਾ ਸ਼ਿਕਾਰ ਹੋ ਗਿਆ। ਪਲਾਂ ਵਿੱਚ ਕੈਨੇਡਾ ਜਾਣ ਦੀ ਖੁਸ਼ੀ ਸੋਗ ਵਿੱਚ ਬਦਲ ਗਈ। ਹਾਦਸੇ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਇਕਲੌਤੇ ਨੌਜਵਾਨ ਪੁੱਤ ਦੀ ਮੌ+ਤ ‘ਤੇ ਮਾਤਾ-ਪਿਤਾ ਸਦਮੇ ‘ਚ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਸਰਪੰਚ ਸਿਕੰਦਰ ਸਿੰਘ ਦੇ ਭਤੀਜੇ ਸ਼ਾਹਬਾਜ਼ (18) ਨੇ ਹਫ਼ਤੇ ਬਾਅਦ ਕੈਨੇਡਾ ਜਾਣਾ ਸੀ। ਸਾਰਾ ਪਰਿਵਾਰ ਸ਼ਾਹਬਾਜ਼ ਨੂੰ ਏਅਰਪੋਰਟ ‘ਤੇ ਛੱਡ ਕੇ ਆਉਣ ਦੀ ਤਿਆਰੀ ਕਰ ਰਿਹਾ ਸੀ, ਪਰ ਰੱਬ ਨੇ ਉਸ ਲਈ ਕੁਝ ਹੋਰ ਹੀ ਲਿਖ ਰੱਖਿਆ ਸੀ। ਸ਼ਾਹਬਾਜ਼ ਆਪਣੇ ਦੋਸਤ ਕਰਨ ਨਾਲ ਸਟਰੀਟ ਲਾਈਟਾਂ ਦੀ ਮੁਰੰਮਤ ਲਈ ਵਰਤੀ ਜਾਣ ਵਾਲੀ ਲੋਹੇ ਦੀ ਪੌੜੀ ਲੈ ਕੇ ਜਾ ਰਿਹਾ ਸੀ।

ਪਿੰਡ ਦੀ ਫਿਰਨੀ ‘ਤੇ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ ਕਾਰਨ ਪੌੜੀ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਨੂੰ ਛੂਹ ਗਈ ਅਤੇ ਫਿਰ ਦੋਵਾਂ ਨੂੰ ਇੰਨਾ ਤੇਜ਼ ਕਰੰਟ ਲੱਗਾ ਕਿ ਦੋਵੇਂ ਬੁਰੀ ਤਰ੍ਹਾਂ ਝੁਲਸ ਗਏ। ਹਸਪਤਾਲ ਲਿਜਾਏ ਜਾਣ ‘ਤੇ ਡਾਕਟਰਾਂ ਨੇ ਸ਼ਾਹਬਾਜ਼ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਕਰਨ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਇਕਲੌਤਾ ਪੁੱਤਰ ਜਿਸ ਦੇ ਭਵਿੱਖ ਲਈ ਮਾਪਿਆਂ ਨੇ ਦਿਨ ਰਾਤ ਮਿਹਨਤ ਕੀਤੀ। ਆਪਣੇ ਹਰ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਜਦੋਂ ਪੁੱਤਰ ਦਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਹੋਣਾ ਸੀ ਤਾਂ ਰੱਬ ਨੇ ਉਸ ਨੂੰ ਆਪਣੇ ਕੋਲ ਬੁਲਾ ਲਿਆ। ਸ਼ਾਹਬਾਜ਼ ਦਾ ਪਿਤਾ ਆਪਣੇ ਪੁੱਤਰ ਦੀ ਮੌਤ ਨਾਲ ਬੁਰੀ ਤਰ੍ਹਾਂ ਟੁੱਟ ਗਿਆ ਹੈ ਅਤੇ ਮਾਂ-ਪਿਓ ਦੋਵੇ ਹੀ ਆਪਣੀ ਸ਼ੁੱਧ-ਬੁੱਧ ਖੋ ਚੁੱਕੇ ਹਨ।

ਸ਼ਾਹਬਾਜ਼ ਦਾ ਸੁਪਨਾ ਵਿਦੇਸ਼ ਵਿੱਚ ਪੜ੍ਹ ਕੇ ਆਟੋ ਮੋਬਾਈਲ ਇੰਜੀਨੀਅਰ ਬਣਨਾ ਸੀ। ਉਸ ਨੇ ਹਾਲ ਹੀ ਵਿੱਚ ਨਾਨ ਮੈਡੀਕਲ ਵਿੱਚ 12ਵੀਂ ਪਾਸ ਕੀਤੀ ਸੀ।