ਹਥਿਆਰਾਂ ਦੀ ਸਪਲਾਈ ਕਰਨ ਵਾਲੇ ਅੰਤਰਰਾਸ਼ਟਰੀ ਨੈਟਵਰਕ ਦਾ ਪਰਦਾਫਾਸ਼, ਹਥਿਆਰਾਂ ਸਣੇ ਜੱਗੂ ਭਗਵਾਨਪੁਰੀਆ ਗੈਂਗ ਦੇ ਚਾਰ ਮੈਂਬਰ ਗ੍ਰਿਫਤਾਰ

0
2994

ਜਲੰਧਰ, 16 ਅਗਸਤ| ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਸੰਗਠਿਤ ਅਪਰਾਧਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਜਲੰਧਰ ਦਿਹਾਤੀ ਪੁਲਿਸ ਨੇ ਜਲੰਧਰ-ਬਟਾਲਾ ਹਾਈਵੇ ‘ਤੇ ਪਿੱਛਾ ਕਰ ਕੇ ਬਦਨਾਮ ਜੱਗੂ ਭਗਵਾਨਪੁਰੀਆ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਕਰ ਕੇ ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿਚ ਹਥਿਆਰ ਅਤੇ ਵਾਹਨ ਵੀ ਬਰਾਮਦਗ ਕੀਤੇ ਹਨ, ਜਿਸ ਨਾਲ ਪੰਜਾਬ ਵਿਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਨੈਟਵਰਕ ਦਾ ਪਰਦਾਫਾਸ਼ ਹੋ ਗਿਆ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦਿੱਤੀ।

ਫੜੇ ਗਏ ਵਿਅਕਤੀਆਂ ਦੀ ਪਛਾਣ ਅਸਰਤ ਕੰਠ ਉਰਫ ਸਾਬੀ, ਕਮਲਪ੍ਰੀਤ ਸਿੰਘ ਉਰਫ ਕੋਮਲ ਬਾਜਵਾ, ਪਰਦੀਪ ਕੁਮਾਰ ਉਰਫ ਗੋਰਾ ਅਤੇ ਗੁਰਮੀਤ ਰਾਜ ਉਰਫ ਜੁਨੇਜਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਚਾਰ ਹਥਿਆਰ ਬਰਾਮਦ ਕੀਤੇ ਹਨ, ਜਿਨ੍ਹਾਂ ਵਿਚ ਇੱਕ ਚੀਨ ਦਾ ਬਣਿਆ 7.65 ਐਮਐਮ ਗਲਾਕ, ਦੋ  30 ਬੋਰ ਦਾ ਪਿਸਤੌਲ ਅਤੇ ਇੱਕ ਰਿਵਾਲਵਰ ਸਮੇਤ ਚਾਰ ਜ਼ਿੰਦਾ ਕਾਰਤੂਸ ਅਤੇ ਤਿੰਨ ਮੈਗਜ਼ੀਨਾਂ ਸਮੇਤ ਉਨ੍ਹਾਂ ਦੇ ਦੋ ਵਾਹਨ ਮਹਿੰਦਰਾ ਐਕਸਯੂਵੀ  ਵੀ ਜ਼ਬਤ ਕੀਤੇ ਹਨ, ਜਿਨ੍ਹਾਂ ਦੀ ਵਰਤੋਂ ਅਪਰਾਧ ਲਈ ਕੀਤੀ ਜਾ ਰਹੀ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗਿਰੋਹ ਦੇ ਸਰਗਨਾ ਆਸਰਤ ਕੰਠ ਉਰਫ਼ ਸਾਬੀ ਨੇ ਮੰਨਿਆ ਕਿ ਜ਼ਬਤ ਕੀਤੇ ਗਏ ਹਥਿਆਰ ਜੱਗੂ ਭਗਵਾਨਪੁਰੀਆ ਗੈਂਗ ਦੇ ਗੁਰਗੇ ਅਮਨ ਉਰਫ਼ ਅੰਡਾ, ਜੋ ਇਸ ਸਮੇਂ ਜਰਮਨੀ ਵਿਚ ਰਹਿੰਦਾ ਹੈ, ਵੱਲੋਂ ਸਪਲਾਈ ਕੀਤੇ ਗਏ ਸਨ। ਇਹ ਹਥਿਆਰ ਬਟਾਲਾ ਵਾਸੀ ਸੰਜੂ ਉਰਫ ਸਾਹਿਲ ਕੁਮਾਰ ਜ਼ਰੀਏ ਸਪਲਾਈ ਕੀਤੇ ਗਏ ਸਨ, ਜੋ ਇਸ ਸਮੇਂ ਜੇਲ੍ਹ ਵਿਚ ਹੈ।

ਡੀਜੀਪੀ ਗੌਰਵ ਯਾਦਵ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕਤਲ ਦੀ ਕੋਸ਼ਿਸ਼, ਗੈਰ-ਕਾਨੂੰਨੀ ਹਥਿਆਰ ਰੱਖਣ ਅਤੇ ਗੈਂਗ ਨਾਲ ਸਬੰਧਤ ਹਿੰਸਾ ਸਮੇਤ ਕਈ ਅਪਰਾਧਿਕ ਮਾਮਲਿਆਂ ਨਾਲ ਜੁੜੇ ਹੋਏ ਹਨ।

ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦੇ ਹੋਏ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਟੀਮਾਂ ਨੂੰ ਭਰੋਸੇਯੋਗ ਸੂਚਨਾ ਮਿਲੀ ਸੀ ਕਿ ਸ਼ੱਕੀ ਵਿਅਕਤੀ ਦੋ ਵਾਹਨਾਂ ਇੱਕ ਮਹਿੰਦਰਾ ਐਕਸਯੂਵੀ ਅਤੇ ਮਾਰੂਤੀ ਬਰੇਜ਼ਾ ਵਿਚ ਜਾ ਰਹੇ ਹਨ ਅਤੇ ਭੱਜਣ ਦੀ ਫ਼ਿਰਾਕ ਵਿਚ ਹਨ।

ਪੁਲਿਸ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਸੀ.ਆਈ.ਏ. ਸਟਾਫ਼ ਜਲੰਧਰ ਦਿਹਾਤੀ ਦੇ ਇੰਚਾਰਜ ਅਤੇ ਥਾਣਾ ਭੋਗਪੁਰ ਦੇ ਮੁੱਖ ਅਫਸਰ ਸਿਕੰਦਰ ਸਿੰਘ ਨੇ ਪਿੰਡ ਲਹਿਰਾ ਨੇੜੇ ਨਾਕਾ ਲਗਾਇਆ ਅਤੇ ਉਨ੍ਹਾਂ ਦੀ ਬਰੇਜ਼ਾ ਗੱਡੀ ਨੂੰ ਰੋਕਣ ਵਿਚ ਕਾਮਯਾਬ ਹੋ ਗਏ, ਜਿਸ ਦੇ ਨਤੀਜੇ ਵਜੋਂ ਸਾਬੀ ਅਤੇ ਕੋਮਲ ਬਾਜਵਾ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ।

ਹਾਲਾਂਕਿ ਮਹਿੰਦਰਾ ਐਕਸਯੂਵੀ ਚਲਾ ਰਹੇ ਵਿਅਕਤੀ ਨਾਕਾਬੰਦੀ ਨੂੰ ਤੋੜ ਕੇ ਫਰਾਰ ਹੋ ਗਏ, ਜਿਨ੍ਹਾਂ ਦਾ ਪਿੱਛਾ ਕਰਨ ਤੋਂ ਬਾਅਦ ਪੁਲਿਸ ਨੇ ਗੋਰਾ ਅਤੇ ਜੁਨੇਜਾ ਨੂੰ ਮਕਸੂਦਾ ਦੇ ਜੀਂਦਾ ਰੋਡ ‘ਤੇ ਕਾਬੂ ਕਰ ਲਿਆ ਅਤੇ ਪੰਜਵਾਂ ਦੋਸ਼ੀ ਸਾਜਨਦੀਪ ਉਰਫ਼ ਲੋਡਾ ਭੱਜਣ ਵਿੱਚ ਕਾਮਯਾਬ ਹੋ ਗਿਆ।

ਐਸ.ਐਸ.ਪੀ. ਖੱਖ ਨੇ ਦੱਸਿਆ ਕਿ ਇਹ ਗਰੋਹ ਪਹਿਲਾਂ 23 ਜੁਲਾਈ ਨੂੰ ਬਟਾਲਾ ਦੇ ਗਾਂਧੀ ਕੈਂਪ ਵਿੱਚ ਇੱਕ ਗੋਲੀਬਾਰੀ ਦੀ ਵਾਰਦਾਤ ਵਿੱਚ ਸ਼ਾਮਲ ਸੀ, ਜਿੱਥੇ ਇਹਨਾਂ ਨੇ ਇੱਕ ਵਿਰੋਧੀ ਗਿਰੋਹ ਦਾ ਮੈਂਬਰ, ਯੁੱਧਵੀਰ ਉਰਫ਼ ਯੋਧਾ, ਮਾਰਿਆ ਸੀ ਅਤੇ ਇੱਕ ਹੋਰ, ਰਾਹੁਲ ਦਾਤਰ, ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ।

ਐਸਐਸਪੀ ਖੱਖ ਨੇ ਐਸਪੀ ਸਪੈਸ਼ਲ ਬਰਾਂਚ ਜਲੰਧਰ (ਡੀ) ਮਨਪ੍ਰੀਤ ਸਿੰਘ ਢਿੱਲੋਂ ਅਤੇ ਡੀਐਸਪੀ ਆਦਮਪੁਰ ਸਬ-ਡਵੀਜ਼ਨ ਸੁਮਿਤ ਸੂਦ ਦੀ ਅਗਵਾਈ ਵਿੱਚ ਪੁਲਿਸ ਟੀਮਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਖੇਤਰ ਵਿੱਚ ਗੈਂਗ ਗਤੀਵਿਧੀਆਂ ਨੂੰ ਰੋਕਣ ਲਈ ਸਾਡੇ ਚੱਲ ਰਹੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਸਫ਼ਲਤਾ ਹੈ।

ਦੱਸਣਯੋਗ ਹੈ ਕਿ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਪੁਲੀਸ ਇਸ ਗਿਰੋਹ ਦੀਆਂ ਕਾਰਵਾਈਆਂ ਅਤੇ ਕੌਮਾਂਤਰੀ ਸਬੰਧਾਂ ਬਾਰੇ ਹੋਰ ਡੂੰਘਾਈ ਨਾਲ ਜਾਂਚ ਕਰਨ ਲਈ ਰਿਮਾਂਡ ਦੀ ਮੰਗ ਕਰੇਗੀ।