ਬਠਿੰਡਾ . ਮਰਹੂਮ ਕਵਿੱਤਰੀ ਗੁਰਪ੍ਰੀਤ ਗੀਤ ਦੀ ਯਾਦ ਨੂੰ ਸਮਰਪਿਤ (ਸੂਰਜਾਂ ਦੇ ਵਾਰਿਸ ਪ੍ਰਕਾਸ਼ਨ) ਵਲੋਂ ਮਿਤੀ 16 ਅਗਸਤ ਨੂੰ ਸ਼ਾਮ 5 ਵਜੇ ਆਨਲਾਈਨ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਕਵੀ ਆਪਣੀਆਂ ਰਚਨਾਵਾਂ ਨਾਲ ਸ਼ਿਰਕਤ ਕਰਨਗੇ। ਇਸ ਕਵੀ ਦਰਬਾਰ ਵਿਚ ਬਾਬਾ ਨਜ਼ਮੀ (ਪਾਕਿਸਤਾਨ), ਤਾਹਿਰਾ ਸਰਾ (ਪਾਕਿਸਤਾਨ), ਸਾਬਰ ਅਲੀ ਸਾਬਰ (ਪਾਕਿਸਤਾਨ), ਆਜ਼ਮ ਮਲਿਕ (ਪਾਕਿਸਤਾਨ) ਤੇ ਭਾਰਤ ਤੋਂ ਸੁਖਵਿੰਦਰ ਅੰਮ੍ਰਿਤ, ਪ੍ਰੋ. ਗੁਰਭਜਨ ਗਿੱਲ ਤੇ ਤ੍ਰਿਲੋਚਨ ਲੋਚੀ ਆਪਣੀਆਂ ਕਵਿਤਾਵਾਂ ਦਾ ਪਾਠ ਕਰਨਗੇ। ਇਸ ਕਵੀ ਦਰਬਾਰ ਦਾ ਸੰਚਾਲਨ ਪੰਜਾਬੀ ਦੀ ਉਭਰ ਦੀ ਸ਼ਾਇਰਾ ਤੇ ਕਹਾਣੀਕਾਰਾ ਸਿਮਰਨ ਅਕਸ ਦੁਆਰਾ ਕੀਤਾ ਜਾਵੇਗਾ।
ਸੂਰਜਾਂ ਦੇ ਵਾਰਿਸ ਪ੍ਰਕਾਸ਼ਨ ਦੇ ਸਰਪ੍ਰਸਤ ਗੁਰਪ੍ਰੀਤ ਸਿੰਘ ਥਿੰਦ ਤੇ ਸਹਿਯੋਗੀ ਸ਼ਾਇਰ ਅਰਜ਼ਪ੍ਰੀਤ ਨੇ ਦੱਸਿਆ ਕਿ ਗੁਰਪ੍ਰੀਤ ਗੀਤ ਦੀ ਯਾਦ ਵਿਚ ਹਰ ਸਾਲ 30 ਜੁਲਾਈ ਨੂੰ ਇਕ ਯੁਵਾ ਪੁਰਸਕਾਰ ਦਿੱਤਾ ਜਾਇਆ ਕਰੇਗਾ। ਦੱਸ ਦਈਏ ਕਿ ਪਿਛਲੇ ਮਹੀਨੇ 30 ਜੁਲਾਈ ਨੂੰ ਪੰਜਾਬੀ ਜ਼ੁਬਾਨ ਦੀ ਹੋਣਹਾਰ ਤੇ ਚਿੰਤਨਸ਼ੀਲ ਕਵਿਤਾ ਕਹਿਣ ਵਾਲੀ ਕਵਿੱਤਰੀ ਗੁਰਪ੍ਰੀਤ ਗੀਤ ਕੈਂਸਰ ਦੀ ਬਿਮਾਰੀ ਨਾਲ ਲੜਦਿਆ ਇਸ ਜਹਾਨ ਨੂੰ ਅਲਵਿਦਾ ਕਹਿ ਗਈ ਸੀ। ਗੀਤ ਆਪਣੀ ਪਹਿਲੀਂ ਕਿਤਾਬ ਸੁਪਨਿਆਂ ਦੇ ਦਸਤਖ਼ਤ ਨੂੰ ਛੋਹ ਕੇ ਵੀ ਨਾ ਦੇਖ ਸਕੀ। ਇਸ ਕਿਤਾਬ ਨੂੰ ਪ੍ਰਕਾਸ਼ਿਤ ਵੀ ਸੂਰਜਾਂ ਦੇ ਵਾਰਿਸ ਪਬਲੀਕੇਸ਼ਨ ਵਲੋਂ ਹੀ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿਚ ਆਜ਼ਮ ਮਲਿਕ, ਅਰਜ਼ਪ੍ਰੀਤ, ਸ਼ਹਿਨਾਜ਼, ਜੋਤ ਬੈਨੀਪਾਲ, ਜਗਮੀਤ, ਹਰਵਿੰਦਰ, ਪ੍ਰੋ. ਸਤਬੀਰ ਸਿੰਘ ਨੂਰ ਤੇ ਨੌਜਵਾਨ ਏਕਤਾ ਕਲਿਆਣ ਵਰਗੇ ਸੁਹਿਰਦ ਚਿੰਤਕ ਸਹਿਯੋਗ ਕਰ ਰਹੇ ਹਨ।