ਮਹਿੰਗਾਈ ਡਾਇਣ : ਘਰੇਲੂ ਗੈਸ ਕੁਨੈਕਸ਼ਨ ਲੈਣਾ ਵੀ ਹੋਇਆ ਮਹਿੰਗਾ, ਰੈਗੂਲੇਟਰ ਦੇ ਵੀ ਦੇਣੇ ਪੈਣਗੇ ਵਾਧੂ ਪੈਸੇ

0
13379

ਰਸੋਈ ਵਿਚ ਵਰਤੀਆਂ ਜਾਣ ਵਾਲੀਆਂ ਚੀਜਾਂ ਦੇ ਨਾਲ ਨਾਲ ਹੁਣ ਰਸੋਈ ਗੈਸ ਲਈ ਨਵਾਂ ਐਲਪੀਜੀ ਗੈਸ ਕੁਨੈਕਸ਼ਨ ਲੈਣਾ ਵੀ ਮਹਿੰਗਾ ਹੋ ਗਿਆ ਹੈ। ਪੈਟਰੋਲੀਅਮ ਕੰਪਨੀਆਂ 16 ਜੂਨ ਤੋਂ ਵਧੀਆਂ ਕੀਮਤਾਂ ਨੂੰ ਲਾਗੂ ਕਰਨਗੀਆਂ।

Moneycontrol.com ਦੀ ਰਿਪੋਰਟ ਮੁਤਾਬਕ ਕੰਪਨੀਆਂ ਨੇ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਸਕਿਓਰਿਟੀ ਰਾਸ਼ੀ ਵਿਚ 750 ਰੁਪਏ ਦਾ ਵਾਧਾ ਕੀਤਾ ਹੈ। ਹੁਣ ਪੰਜ ਕਿੱਲੋ ਦੇ ਸਿਲੰਡਰ ਲਈ ਵੀ 350 ਰੁਪਏ ਹੋਰ ਦੇਣੇ ਪੈਣਗੇ।

ਗੱਲ ਇਥੇ ਹੀ ਮੁੱਕਣ ਵਾਲੀ ਨਹੀਂ, ਸਿਲੰਡਰ ਦੇ ਨਾਲ ਦਿੱਤੇ ਜਾਣ ਵਾਲੇ ਰੈਗੂਲੇਟਰ ਦੀ ਕੀਮਤ ਵਿੱਚ ਵੀ 100 ਰੁਪਏ ਦਾ ਵਾਧਾ ਕੀਤਾ ਗਿਆ ਹੈ। ਜੇਕਰ ਉੱਜਵਲਾ ਯੋਜਨਾ ਦੇ ਲਾਭਪਾਤਰੀ ਵੀ ਕੋਈ ਹੋਰ ਸਿਲੰਡਰ ਲੈਂਦੇ ਹਨ ਤਾਂ ਉਨ੍ਹਾਂ ਨੂੰ ਵਧੀ ਹੋਈ ਰਕਮ ਦਾ ਭੁਗਤਾਨ ਕਰਨਾ ਹੋਵੇਗਾ।

ਹੁਣ ਰਸੋਈ ਦਾ ਨਵਾਂ ਕੁਨੈਕਸ਼ਨ ਲੈਣ ਲਈ ਖਪਤਕਾਰ ਨੂੰ 2,200 ਰੁਪਏ ਦੇਣੇ ਹੋਣਗੇ। ਪਹਿਲਾਂ ਇਹ ਰਕਮ 1450 ਰੁਪਏ ਸੀ। ਇਸ ਤਰ੍ਹਾਂ ਹੁਣ ਸਿਲੰਡਰ ਦੀ ਸਕਿਓਰਿਟੀ ਵਜੋਂ 750 ਰੁਪਏ ਹੋਰ ਜਮ੍ਹਾ ਕਰਵਾਉਣੇ ਪੈਣਗੇ।

ਇਸ ਤੋਂ ਇਲਾਵਾ ਰੈਗੂਲੇਟਰ ਲਈ 250, ਪਾਸਬੁੱਕ ਲਈ 25 ਅਤੇ ਪਾਈਪ ਲਈ 150 ਰੁਪਏ ਵੱਖਰੇ ਤੌਰ ‘ਤੇ ਅਦਾ ਕਰਨੇ ਪੈਣਗੇ।

ਇਸ ਹਿਸਾਬ ਨਾਲ ਪਹਿਲੀ ਵਾਰ ਗੈਸ ਸਿਲੰਡਰ ਕੁਨੈਕਸ਼ਨ ਅਤੇ ਪਹਿਲੇ ਸਿਲੰਡਰ ਲਈ ਖਪਤਕਾਰ ਨੂੰ ਕੁੱਲ 3,690 ਰੁਪਏ ਖਰਚ ਕਰਨੇ ਪੈਣਗੇ।

ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਮੁਤਾਬਕ ਪੰਜ ਕਿਲੋ ਦੇ ਸਿਲੰਡਰ ਦੀ ਸਕਿਓਰਿਟੀ ਵਜੋਂ ਹੁਣ 800 ਰੁਪਏ ਦੀ ਬਜਾਏ 1150 ਰੁਪਏ ਦੇਣੇ ਪੈਣਗੇ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਐਲਪੀਜੀ ਸਿਲੰਡਰ ਲੈਣ ਵਾਲੇ ਗਾਹਕਾਂ ਨੂੰ ਵੀ ਝਟਕਾ ਲੱਗ ਰਿਹਾ ਹੈ।

ਜੇਕਰ ਇਹ ਗਾਹਕ ਦੂਜਾ ਸਿਲੰਡਰ ਲੈਂਦੇ ਹਨ, ਤਾਂ ਉਨ੍ਹਾਂ ਨੂੰ ਵਧੀ ਹੋਈ ਸੁਰੱਖਿਆ ਰਾਸ਼ੀ ਦਾ ਭੁਗਤਾਨ ਕਰਨਾ ਹੋਵੇਗਾ।