ਮਹਿੰਗਾਈ ਦੀ ਮਾਰ : ਰਸੋਈ ਗੈਸ ਕੀਮਤ ਨੇ ਦਿੱਤਾ ਫਿਰ ਵੱਡਾ ਝਟਕਾ, ਜਾਣੋ ਹੁਣ ਕਿੰਨੇ ਦਾ ਮਿਲੇਗਾ LPG ਸਿਲੰਡਰ

0
1238

ਨਵੀਂ ਦਿੱਲੀ | ਪੈਟਰੋਲੀਅਮ ਕੰਪਨੀਆਂ ਨੇ ਰਸੋਈ ਗੈਸ ਦੀ ਕੀਮਤ ਫਿਰ ਵਧਾ ਦਿੱਤੀ ਹੈ। ਬਿਨਾਂ ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਦਿੱਲੀ ਵਿੱਚ ਘਰੇਲੂ ਵਰਤੋਂ ਲਈ 14.2 ਕਿਲੋ ਦੇ ਰਸੋਈ ਗੈਸ ਸਿਲੰਡਰ ਦੀ ਕੀਮਤ 889.50 ਰੁਪਏ ਹੋ ਗਈ ਹੈ। ਇਹ ਵਾਧਾ ਸੋਮਵਾਰ ਰਾਤ ਤੋਂ ਹੀ ਲਾਗੂ ਹੋ ਗਿਆ ਹੈ।

ਇਸੇ ਤਰ੍ਹਾਂ 19 ਕਿਲੋ ਵਪਾਰਕ ਸਿਲੰਡਰ ਦੀ ਕੀਮਤ ਵਿੱਚ ਵੀ 68 ਰੁਪਏ ਦਾ ਵਾਧਾ ਕੀਤਾ ਗਿਆ ਹੈ। ਦਿੱਲੀ ‘ਚ ਇਸਦੀ ਕੀਮਤ ਵੱਧ ਕੇ 1618 ਰੁਪਏ ਹੋ ਗਈ ਹੈ। ਤੇਲ ਕੰਪਨੀਆਂ ਹਰ ਮਹੀਨੇ ਦੀ 1 ਅਤੇ 15 ਤਰੀਕ ਨੂੰ ਐੱਲਪੀਜੀ ਦੀ ਕੀਮਤ ਦੀ ਸਮੀਖਿਆ ਕਰਦੀਆਂ ਹਨ। ਇਸ ਤੋਂ ਪਹਿਲਾਂ 1 ਜੁਲਾਈ ਨੂੰ ਤੇਲ ਕੰਪਨੀਆਂ ਨੇ ਐੱਲਪੀਜੀ ਸਿਲੰਡਰ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਕੀਤਾ ਸੀ।

ਪੈਟਰੋਲ, ਡੀਜ਼ਲ ਅਤੇ ਐੱਲਪੀਜੀ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਕਾਰਨ ਕੇਂਦਰ ਸਰਕਾਰ ਨੂੰ ਬਹੁਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਰਕਾਰ ਦਾ ਕਹਿਣਾ ਹੈ ਕਿ ਇਹ ਸਭ ਅੰਤਰਰਾਸ਼ਟਰੀ ਕੀਮਤਾਂ ‘ਤੇ ਨਿਰਭਰ ਕਰਦਾ ਹੈ ਅਤੇ ਉਸ ਦੇ ਹੱਥਾਂ ਵਿੱਚ ਬਹੁਤ ਕੁਝ ਨਹੀਂ ਹੈ।

1 ਸਾਲ ‘ਚ ਕਿੰਨਾ ਮਹਿੰਗਾ ਹੋਇਆ LPG ਸਿਲੰਡਰ

1 ਜਨਵਰੀ ਤੋਂ 17 ਅਗਸਤ ਦਰਮਿਆਨ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 165 ਰੁਪਏ ਵੱਧ ਚੁੱਕੀ ਹੈ। ਪਿਛਲੇ ਇਕ ਸਾਲ ਯਾਨੀ 1 ਅਗਸਤ 2020 ਤੋਂ LPG ਸਿਲੰਡਰ ਦੀ ਕੀਮਤ 265 ਰੁਪਏ ਵਧੀ ਹੈ। ਰਸੋਈ ਗੈਸ ਕੀਮਤਾਂ ਵਿੱਚ ਉਸ ਸਮੇਂ ਵਾਧਾ ਹੋ ਰਿਹਾ ਹੈ, ਜਦੋਂ ਆਮ ਲੋਕ ਪਹਿਲਾਂ ਹੀ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਮਹਿੰਗਾਈ ਦਾ ਸਾਹਮਣਾ ਕਰ ਰਹੇ ਹਨ।

ਦੇਸ਼ ਵਿੱਚ ਇਸ ਸਮੇਂ ਪੈਟਰੋਲ 100 ਤੋਂ ਉਪਰ ਪ੍ਰਤੀ ਲਿਟਰ ਵਿਕ ਰਿਹਾ ਹੈ, ਜਦੋਂ ਕਿ ਡੀਜ਼ਲ ਵੀ 90 ਰੁਪਏ ਤੋਂ ਉਪਰ ਵਿਕ ਰਿਹਾ ਹੈ। ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਲਾਏ ਜਾ ਰਹੇ ਟੈਕਸਾਂ ਕਾਰਨ ਪੈਟਰੋਲ, ਡੀਜ਼ਲ ਮਹਿੰਗਾ ਹੁੰਦਾ ਜਾ ਰਿਹਾ ਹੈ।