Facebook ਤੇ Indifi ਮਿਲ ਕੇ ਛੋਟੇ ਕਾਰੋਬਾਰੀਆਂ ਨੂੰ ਦੇਣਗੇ 50 ਲੱਖ ਦਾ Loan, ਜਾਣੋ ਕਿਵੇਂ

0
1629

ਨਵੀਂ ਦਿੱਲੀ | ਫੇਸਬੁੱਕ ਨੇ ਭਾਰਤੀ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਦਰਅਸਲ, ਫੇਸਬੁੱਕ ਨੇ ਛੋਟਾ ਕਾਰੋਬਾਰ ਕਰਨ ਵਾਲੇ ਜਾਂ ਭਾਰਤ ਦੇ 200 ਸ਼ਹਿਰਾਂ ਵਿੱਚ ਛੋਟਾ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਲੋਕਾਂ ਨੂੰ ਕਰਜ਼ਾ ਦੇਣ ਦਾ ਐਲਾਨ ਕੀਤਾ ਹੈ। ਛੋਟਾ ਕਾਰੋਬਾਰ ਸ਼ੁਰੂ ਕਰਨ ਵਾਲੇ ਲੋਕ ਹੁਣ Facebook ਤੋਂ 5 ਤੋਂ 50 ਲੱਖ ਰੁਪਏ ਤੱਕ ਦਾ ਲੋਨ ਲੈ ਸਕਦੇ ਹਨ।

ਫੇਸਬੁੱਕ ਨੇ ਆਪਣੇ ਖਪਤਕਾਰਾਂ ਨੂੰ ਲੋਨ ਦੇਣ ਲਈ ਇੰਡੀਫੀ (Indifi) ਨਾਲ ਭਾਈਵਾਲੀ ਪਾਈ ਹੈ। ਇਸ ਭਾਈਵਾਲਾ ਅਧੀਨ ਫੇਸਬੁੱਕ ਕਾਰੋਬਾਰੀ ਸ਼ੁਰੂਆਤ ਕਰਨ ਵਾਲਿਆਂ ਨੂੰ ਕਰਜ਼ੇ ਦੇਵੇਗਾ, ਜਦੋਂ ਕਿ ਉਸ ਕਰਜ਼ੇ ਦੀ ਰਿਕਵਰੀ ਕਿਵੇਂ ਕਰਨੀ ਹੈ, ਇਸ ਬਾਰੇ ਫੈਸਲਾ Indifi ਵੱਲੋਂ ਕੀਤਾ ਜਾਵੇਗਾ।

ਕਰਜ਼ਾ ਮਿਲੇਗਾ 17-20 ਫੀਸਦੀ ਵਿਆਜ ਦਰ ‘ਤੇ

ਇਸ ਯੋਜਨਾ ਨੂੰ ਲਾਂਚ ਕਰਦਿਆਂ ਸੋਸ਼ਲ ਮੀਡੀਆ ਦੀ ਪ੍ਰਮੁੱਖ ਕੰਪਨੀ ਫੇਸਬੁੱਕ ਇੰਡੀਆ ਦੇ ਮੀਤ ਪ੍ਰਧਾਨ ਤੇ ਐੱਮਡੀ ਅਜੀਤ ਮੋਹਨ ਨੇ ਕਿਹਾ ਕਿ ਕਾਰੋਬਾਰੀ ਲੋਕਾਂ ਨੂੰ ਇਹ ਕਰਜ਼ਾ ਲੈਣ ਲਈ ਕੁਝ ਵੀ ਗਿਰਵੀ ਨਹੀਂ ਰੱਖਣਾ ਪਵੇਗਾ।

ਇਹ ਲੋਨ ਕੰਪਨੀ 17-20 ਫੀਸਦੀ ਦੀ ਵਿਆਜ ਦਰ ‘ਤੇ ਮੁਹੱਈਆ ਕਰਵਾਏਗੀ। ਇਸ ਤੋਂ ਇਲਾਵਾ ਜੇ ਕਾਰੋਬਾਰ ਔਰਤ ਕਰਦੀ ਹੈ ਤਾਂ ਕੰਪਨੀ ਵੱਲੋਂ 0.2 ਫੀਸਦੀ ਦੀ ਛੋਟ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸੰਭਵ ਹੈ ਕਿ ਸਾਡੇ ਇਸ ਕਦਮ ਤੋਂ ਬਾਅਦ ਕਈ ਕੰਪਨੀਆਂ ਅਜਿਹਾ ਕੰਮ ਕਰਨਗੀਆਂ ਤੇ ਬਾਜ਼ਾਰ ਵਿੱਚ ਪੂੰਜੀ ਵਧੇਗੀ।

ਫੇਸਬੁੱਕ ਨੇ 10 ਕਰੋੜ ਡਾਲਰ ਦਾ ਫੰਡ ਬਣਾਇਆ ਸੀ, ਜਿਸ ਦੀ ਵਰਤੋਂ ਭਾਰਤ ਸਮੇਤ 30 ਦੇਸ਼ਾਂ ਵਿੱਚ ਕੀਤੀ ਜਾਵੇਗੀ। ਕੰਪਨੀ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਕੰਪਨੀ ਨੇ ਗੁਰੂਗ੍ਰਾਮ, ਮੁੰਬਈ, ਹੈਦਰਾਬਾਦ, ਬੰਗਲੌਰ ਦੇ 300 ਉੱਦਮੀਆਂ ਨੂੰ 40 ਲੱਖ ਡਾਲਰ ਦਾ ਕਰਜ਼ਾ ਦਿੱਤਾ ਹੈ।