ਨਵੀਂ ਦਿੱਲੀ, 21 ਸਤੰਬਰ | ਭਾਰਤ ਸਰਕਾਰ ਦਾ ਕੈਨੇਡਾ ਉਤੇ ਵੱਡਾ ਐਕਸ਼ਨ ਹੋਇਆ ਹੈ। ਕੈਨੇਡਾ ਦੇ ਨਾਗਰਿਕਾਂ ਨੂੰ ਵੀਜ਼ਾ ਦੇਣ ‘ਤੇ ਰੋਕ ਲਗਾ ਦਿੱਤੀ ਹੈ। ਕੈਨੇਡਾ ਨਾਲ ਵਿਵਾਦ ਦੇ ਚਲਦਿਆਂ ਫੈਸਲਾ ਲਿਆ। ਫਿਲਹਾਲ ਅਜੇ ਕੈਨੇਡਾ ਦੇ ਲੋਕਾਂ ਨੂੰ ਵੀਜ਼ਾ ਨਹੀਂ ਮਿਲੇਗਾ।
ਕੈਨੇਡਾ ਨਾਲ ਚੱਲਦੇ ਤਣਾਅ ਵਿਚਕਾਰ ਹੁਣ ਭਾਰਤ ਸਰਕਾਰ ਨੇ ਵੀਰਵਾਰ ਨੂੰ ਇਕ ਹੋਰ ਸਖ਼ਤ ਕਦਮ ਚੁੱਕਿਆ ਹੈ। ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਨੂੰ ਅਨਿਸ਼ਚਿਤ ਸਮੇਂ ਲਈ ਬੰਦ ਕਰ ਦਿੱਤਾ ਹੈ। ਹੁਣ ਤੱਕ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ ਪਰ ਕੈਨੇਡਾ ਵਿਚ ਵੀਜ਼ਾ ਕੇਦਰਾਂ ਨੂੰ ਸੰਚਾਲਨ ਕਰਨ ਵਾਲੇ ਬੀ.ਐੱਲ.ਐੱਸ. ਇੰਟਰਨੈਸ਼ਨਲ ਨੇ ਆਪਣੀ ਵੈੱਬਸਾਈਟ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ।
ਇਸ ਸਬੰਧੀ ਇਕ ਨੋਟਿਸ ਵੀ ਵੈੱਬਸਾਈਟ ‘ਤੇ ਪਾ ਦਿੱਤਾ ਗਿਆ ਹੈ। ਇਸ ਨੋਟਿਸ ਵਿਚ ਲਿਖਿਆ ਗਿਆ ਹੈ ਕਿ ਭਾਰਤੀ ਮਿਸ਼ਨ ਵੱਲੋਂ ਮਹੱਤਵਪੂਰਨ ਸੂਚਨਾ-ਆਪਰੇਸ਼ਨਲ ਕਾਰਨਾਂ ਕਰਕੇ ਭਾਰਤ ਦੀਆਂ ਵੀਜ਼ਾ ਸੇਵਾਵਾਂ 21 ਸਤੰਬਰ 2023 ਤੋਂ ਅਗਲੀ ਸੂਚਨਾ ਤੱਕ ਬੰਦ ਰਹਿਣਗੀਆਂ। ਭਾਰਤ ਦੇ ਇਕ ਸੀਨੀਅਰ ਡਿਪਲੋਮੈੱਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਇਸ ਗੱਲ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਨੋਟਿਸ ਵਿਚ ਜਾਰੀ ਗੱਲ ਸਾਫ ਤੌਰ ‘ਤੇ ਕਹੀ ਗਈ ਹੈ।