ਜਲੰਧਰ . ਔਰਤਾਂ ਦੀ ਸਿਹਤ ਦਵਾਈਆਂ ਦੀ ਉਸ ਸ਼ਾਖਾ ਵੱਲ ਸੰਕੇਤ ਕਰਦੀ ਹੈ, ਜੋ ਔਰਤਾਂ ਨਾਲ ਸੰਬੰਧਿਤ ਬਿਮਾਰੀ ਦੇ ਇਲਾਜ ਤੇ ਨਿਦਾਨ ਅਤੇ ਔਰਤ ਦੀਆਂ ਸਰੀਰਕ ਅਤੇ ਭਾਵਾਤਮਕਤਾ ਨੂੰ ਪ੍ਰਭਾਵਤ ਕਰਨ ਵਾਲੀਆਂ ਸਥਿਤੀਆਂ ’ਤੇ ਧਿਆਨ ਕੇਂਦ੍ਰਤ ਕਰਦੀ ਹੈ|ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ‘ਸਿਹਤ’ ਮਨੁੱਖੀ ਜੀਵਨ ਦਾ ਸਭ ਤੋਂ ਮਹੱਤਵਪੂਰਣ ਕਾਰਕ ਹੈ, ਜੋ ਕਿ ਮਨੁੱਖੀ ਭਲਾਈ ਅਤੇ ਆਰਥਿਕ ਵਿਕਾਸ ਵਿਚ ਮੁੱਖ ਯੋਗਦਾਨ ਪਾਉਂਦੀ ਹੈ|ਵਰਤਮਾਨ ਸਮੇਂ, ਭਾਰਤ ਵਿੱਚ ਔਰਤਾਂ ਨੂੰ ਕਈ ਪ੍ਰਕਾਰ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਅਸਲ ਵਿਚ ਸਮੁੱਚੇ ਅਰਥਚਾਰੇ ਦੇ ਆਊਟਪੁੱਟ ਨੂੰ ਪ੍ਰਭਾਵਤ ਕਰਦਾ ਹੈ| ਸਿਹਤ ਸੰਭਾਲ ਵਿਚ ਮੌਜੂਦ ਲਿੰਗ, ਜਮਾਤ ਜਾਂ ਨਸਲੀ ਅਸਮਾਨਤਾਵਾਂ ਅਤੇ ਸਿਹਤ ਨਤੀਜਿਆਂ ਵਿਚ ਸੁਧਾਰ ਦੁਆਰਾ ਹੀ, ਆਰਥਿਕ ਲਾਭ ਵਿਚ ਯੋਗਦਾਨ ਪਾਇਆ ਜਾ ਸਕਦਾ ਹੈ| ਗੁਣਵੱਤਾ ਭਰਪੂਰ ਮਨੁੱਖ ਦੀ ਸਿਰਜਣਾ ਰਾਹੀਂ ਹੀ ਪੂੰਜੀ, ਬੱਚਤ ਅਤੇ ਨਿਵੇਸ਼ ਦੇ ਪੱਧਰ ਨੂੰ ਵਧਾਇਆ ਜਾ ਸਕਦਾ ਹੈ| ਭਾਰਤ ਵਿਚ ਔਰਤਾਂ ਦੁਆਰਾ ਸਾਹਮਣਾ ਕੀਤੇ ਜਾਣ ਵਾਲੇ ਪ੍ਰਮੁੱਖ ਮੁੱਦੇ ਕੁਪੋਸ਼ਣ, ਮਾਂ ਦੀ ਸਿਹਤ ਵਿਚ ਹੋਣ ਵਾਲੀ ਕਮੀ, ਏਡਜ਼, ਛਾਤੀ ਦਾ ਕੈਂਸਰ, ਘਰੇਲੂ ਹਿੰਸਾ ਆਦਿ ਹਨ|
ਕੁਪੋਸ਼ਣ
ਪੋਸ਼ਟਿਕਤਾ ਵਿਅਕਤੀ ਦੀ ਸਮੁੱਚੀ ਸਿਹਤ, ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ| ਅਕਸਰ ਕੁਪੋਸ਼ਣ ਦੀ ਮੌਜੂਦਗੀ ਮਨੋਵਿਗਿਆਨਕ ਅਤੇ ਸਰੀਰਕ ਸਿਹਤ ਦੀ ਸਥਿਤੀ ਨੂੰ ਪ੍ਰਭਾਵਿਤ ਕਰਦੀ ਹੈ| ਵਿਕਾਸਸ਼ੀਲ ਦੇਸ਼ਾਂ ਦੀ ਗਿਣਤੀ ਵਿਚ ਸਭ ਤੋਂ ਵੱਧ ਕੁਪੋਸ਼ਣ ਨਾਲ ਪੀੜਿਤ ਔਰਤਾਂ ਦੀ ਭਾਰਤ ਵਿਚ ਹੀ ਹਨ| ਸਾਲ 2012 ਵਿਚ ਤਰੌਜੀ ਦੁਆਰਾ ਕੀਤੇ ਗਏ ਅਧਿਐਨ ਅਨੁਸਾਰ ਮੁਢੱਲੀ ਕਿਸ਼ੋਰਾ ਅਵਸਥਾ ਵਿਚ ਪੋਸ਼ਟਕ ਤੱਤਾਂ ਦਾ ਸੇਵਨ ਵੱਧ ਹੋਣਾ ਚਾਹੀਦਾ ਹੈ| ਹਾਲਾਂਕਿ ਆਮ ਤੌਰ ’ਤੇ ਇਹ ਦੇਖਿਆ ਜਾਂਦਾ ਹੈ ਕਿ ਜਿਵੇਂ-ਜਿਵੇਂ ਔਰਤਾਂ ਦੀ ਉਮਰ ਵਿਚ ਵਾਧਾ ਹੁੰਦਾ ਹੈ, ਉਨ੍ਹਾਂ ਵਿਚ ਕੁਪੋਸ਼ਣ ਦੀ ਦਰ ਵਧਦੀ ਜਾਂਦੀ ਹੈ| ਜੱਚਾ ਕੁਪੋਸ਼ਣ, ਅਸਲ ਵਿਚ ਮਾਵਾਂ/ਔਰਤਾਂ ਦੀ ਮੌਤ ਦਰ ਦੇ ਵੱਧ ਜ਼ੋਖ਼ਮ ਅਤੇ ਬੱਚੇ ਦੇ ਜਨਮ ਵੇਲੇ ਹੋਣ ਵਾਲੀਆਂ ਪਰੇਸ਼ਾਨੀਆਂ ਨਾਲ ਸਬੰਧਿਤ ਹੈ| ਕੁਪੋਸ਼ਣ ਦੇ ਮਸਲਿਆਂ ਨੂੰ ਹੱਲ ਕਰਨ ਨਾਲ ਔਰਤਾਂ ਅਤੇ ਬੱਚਿਆਂ ਦੇ ਮਾਮਲੇ ਵਿਚ ਲਾਹੇਵੰਦ ਨਤੀਜੇ ਸਾਹਮਣੇ ਆਉਣਗੇ|
ਜੱਚਾ ਦੀ ਸਿਹਤ ਵਿਚ ਕਮੀ ਆਉਣਾ
ਮਾਵਾਂ ਦੀ ਸਿਹਤ ਵਿਚਲੀ ਘਾਟ ਮਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਆਰਥਿਕ ਅਸਮਾਨਤਾਵਾਂ ਦਾ ਕਾਰਣ ਹੁੰਦੀ ਹੈ| ਮਾਂ ਦੀ ਸਿਹਤ ਵਿਚਲੀ ਕਮੀ ਬੱਚੇ ਨੂੰ ਤਾਂ ਪ੍ਰਭਾਵਿਤ ਕਰਦੀ ਹੀ ਹੈ, ਪਰ ਉਸ ਦੇ ਨਾਲ-ਨਾਲ ਕਿਸੇ ਇਕ ਔਰਤ ਦੁਆਰਾ ਆਰਥਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੀ ਯੋਗਤਾ ਨੂੰ ਵੀ ਘੱਟ ਕਰ ਦਿੰਦੀ ਹੈ|
ਇਸ ਲਈ, ਪੂਰੇ ਭਾਰਤ ਵਿਚ ਔਰਤਾਂ/ਮਾਵਾਂ ਦੀ ਸਿਹਤ ਸੰਭਾਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ‘ਕੌਮੀ ਸਿਹਤ ਪ੍ਰੋਗਰਾਮ’ ਜਿਵੇਂ ਕਿ; ‘ਕੌਮੀ ਪੇਂਡੂ ਸਿਹਤ ਮਿਸ਼ਨ (ਐਨ.ਆਰ.ਐਚ.ਐਮ) ਅਤੇ ਪਰਿਵਾਰ ਭਲਾਈ ਪ੍ਰੋਗਰਾਮ’ ਆਦਿ ਬਨਾਏ ਗਏ ਹਨ| ਭਾਵੇਂ ਪਿਛਲੇ ਦੋ ਦਹਾਕਿਆਂ ਦੌਰਾਨ ਭਾਰਤ ਵਿਚ ਇਸ ਪ੍ਰੋਗਰਾਮ ਵਿਚ ਪ੍ਰਗਤੀਸ਼ੀਲ ਵਾਧਾ ਹੋਇਆ ਹੈ, ਪਰ ਇਸ ਦੇ ਬਾਵਜੂਦ ਕਈ ਵਿਕਾਸਸ਼ੀਲ ਦੇਸ਼ਾਂ ਦੀ ਤੁਲਨਾ ਵਿਚ ਅਜੇ ਵੀ ਭਾਰਤ ਵਰਗੇ ਦੇਸ਼ ਵਿਚ ਜੱਚਾ ਦੀ ਮੌਤ ਦਰ ਜ਼ਿਆਦਾ ਹੀ ਹੈ|
ਸਾਲ 1992 ਤੋਂ 2006 ਦੌਰਾਨ ਦੁਨੀਆ ਭਰ ਵਿੱਚ ਲਗਭਗ 20 ਪ੍ਰਤੀਸ਼ਤ ਜੱਚਾ ਦੀ ਮੌਤ ਭਾਰਤ ਵਰਗੇ ਦੇਸ਼ ਵਿਚ ਹੀ ਹੋਈ ਹੈ| ਜੱਚਾ ਦੀ ਮੌਤ ਦਰ ਦੇ ਉੱਚ ਪੱਧਰੀ ਕਾਰਣ ਸਿੱਧੇ ਤੌਰ ‘ਤੇ ਆਰਥਿਕ ਸਥਿਤੀਆਂ ਅਤੇ ਸੱਭਿਆਚਾਰਕ ਸੀਮਾਵਾਂ ਦੀ ਅਸਮਾਨਤਾਵਾਂ ਨਾਲ ਸਬੰਧਿਤ ਹਨ, ਜੋ ਦੇਖਭਾਲ ਦੀ ਪਹੁੰਚ ਨੂੰ ਸੀਮਿਤ ਕਰਦੇ ਹਨ| ਹਾਲਾਂਕਿ, ਇਹ ਕਹਿਣਾ ਵੀ ਗਲਤ ਨਹੀਂ ਕਿ ਕਿ ਜੱਚਾ ਦੀ ਮੌਤ ਦਰ ਪੂਰੇ ਭਾਰਤ ਵਿੱਚ ਸਮਾਨ ਹੈ ਜਾਂ ਦੂਜੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਇੱਕ ਵਿਸ਼ੇਸ਼ ਰਾਜ ਦੇ ਸ਼ਹਿਰੀ ਖੇਤਰ ਵਿਚ ਢੁਕਵੇਂ ਮੈਡੀਕਲ ਸਾਧਨਾਂ ਦੀ ਉਪਲਬੱਧੀ ਕਾਰਣ ਜੱਚਾ ਮੌਤ ਦਰ ਵਿਚ ਕਮੀ ਮਹਿਸੂਸ ਕੀਤੀ ਗਈ ਹੈ| ਦੇਸ਼ ਦੇ ਜਿਨ੍ਹਾਂ ਰਾਜਾਂ ਵਿਚ ਸਾਖਰਤਾ ਅਤੇ ਵਿਕਾਸ ਦਰ ਉੱਚ ਹੈ, ਉੱਥੇ ਜੱਚਾ ਦੀ ਸਿਹਤ ਵਿਚ ਵਾਧਾ ਅਤੇ ਨੰਵਜੰਮੇ ਬੱਚੇ ਦੀ ਮੌਤ ਦਰ ਘੱਟ ਪਾਈ ਗਈ ਹੈ|
ਘਰੇਲੂ ਹਿੰਸਾ
ਭਾਰਤ ਵਿਚ ਘਰੇਲੂ ਹਿੰਸਾ ਇਕ ਪ੍ਰਮੁੱਖ ਮੁੱਦਾ ਹੈ| ਵਿਸ਼ਵ ਭਰ ਵਿਚ ਘਰੇਲੂ ਹਿੰਸਾ ਨੂੰ ਔਰਤਾਂ ਦੇ ਵਿਰੁੱਧ ਸਰੀਰਕ, ਮਨੋਵਿਗਿਆਨਕ ਅਤੇ ਲਿੰਗਕ ਹਿੰਸਾ ਦੇ ਤੌਰ ’ਤੇ ਜਾਣਿਆ ਜਾਂਦਾ ਹੈ| ਇਸ ਸਮੇਂ ਵਿਸ਼ਵ ਸਿਹਤ ਸੰਗਠਨ ਦੁਆਰਾ ਇਸ ਨੂੰ ਲੁਕੀ ਹੋਈ ਮਹਾਂਮਾਰੀ ਦੇ ਤੌਰ ’ਤੇ ਪਰਿਭਾਸ਼ਿਤ ਕੀਤਾ ਗਿਆ ਹੈ| ਭਾਰਤ ਦੇ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ III (2005-2006) ਦੀਆਂ ਰਿਪੋਟਾਂ ਅਨੁਸਾਰ, ਪਿਛਲੇ 12 ਮਹੀਨਿਆਂ ਵਿੱਚ 31 ਫੀਸਦੀ ਔਰਤਾਂ ਨੇ ਸਰੀਰਕ ਹਿੰਸਾ ਦੇ ਸ਼ਿਕਾਰ ਹੋਣ ਬਾਰੇ ਆਪਣੀ ਰਿਪੋਰਟ ਦਰਜ਼ ਕਰਵਾਈ ਹੈ| ਹਾਲਾਂਕਿ, ਪੀੜਤਾਂ ਦੀ ਅਸਲ ਗਿਣਤੀ ਇਸ ਤੋਂ ਵੀ ਬਹੁਤ ਜ਼ਿਆਦਾ ਹੋ ਸਕਦੀ ਹੈ|