ਭਾਰਤੀ ਮੂਲ ਦੇ ਅਜੇ ਬੰਗਾ ਬਣੇ ਵਿਸ਼ਵ ਬੈਂਕ ਦੇ ਮੁਖੀ, ਮਾਣਮੱਤੀ ਸੰਸਥਾ ਦੀ ਅਗਵਾਈ ਕਰਨ ਵਾਲੇ ਪਹਿਲੇ ਇੰਡੀਅਨ

0
352

ਵਾਸ਼ਿੰਗਟਨ| ਭਾਰਤਵੰਸ਼ੀ ਅਜੇ ਬੰਗਾ ਨੇ ਸ਼ੁੱਕਰਵਾਰ ਨੂੰ ਵਿਸ਼ਵ ਬੈਂਕ ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਇਸ ਸੰਸਥਾ ਦੀ ਅਗਵਾਈ ਕਰਨ ਵਾਲੇ ਪਹਿਲੇ ਭਾਰਤਵੰਸ਼ੀ ਹਨ। ਉਨ੍ਹਾਂ ਡੇਵਿਡ ਮਾਲਪਸ ਦੀ ਜਗ੍ਹਾ ਲਈ ਹੈ, ਜਿਨ੍ਹਾਂ ਫਰਵਰੀ ’ਚ ਅਹੁਦਾ ਛੱਡਣ ਦਾ ਐਲਾਨ ਕੀਤਾ ਸੀ। ਵਿਸ਼ਵ ਬੈਂਕ ਦੇ ਕਾਰਜਕਾਰੀ ਨਿਰਦੇਸ਼ਕ ਨੇ ਤਿੰਨ ਮਈ ਨੂੰ 63 ਸਾਲਾ ਬੰਗਾ ਦੀ ਚੋਣ ਕੀਤੀ ਸੀ। ਉਹ ਇਸ ਦੇ 14ਵੇਂ ਮੁਖੀ ਹੋਣਗੇ। ਉਨ੍ਹਾਂ ਦਾ ਕਾਰਜਕਾਲ ਪੰਜ ਸਾਲ ਦਾ ਹੋਵੇਗਾ। ਇਸ ਸਾਲ ਫਰਵਰੀ ’ਚ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਸੀ ਕਿ ਅਮਰੀਕਾ ਅਜੇ ਬੰਗਾ ਨੂੰ ਵਿਸ਼ਵ ਬੈਂਕ ਦੀ ਅਗਵਾਈ ਕਰਨ ਲਈ ਨਾਮਜ਼ਦ ਕਰੇਗਾ।

ਵਿਸ਼ਵ ਬੈਂਕ ਵੱਲੋਂ ਟਵੀਟ ਰਾਹੀਂ ਇਕ ਤਸਵੀਰ ਜਾਰੀ ਕੀਤੀ ਗਈ ਹੈ। ਇਸ ਵਿਚ ਉਹ ਬੈਂਕ ਦੇ ਮੁੱਖ ਦਫ਼ਤਰ ’ਚ ਦਾਖ਼ਲ ਹੁੰਦੇ ਹੋਏ ਨਜ਼ਰ ਆ ਰਹੇ ਹਨ। ਟਵੀਟ ’ਚ ਕਿਹਾ ਗਿਆ ਕਿ ਵਿਸ਼ਵ ਬੈਂਕ ਦੇ ਨਵੇਂ ਮੁਖੀ ਦੇ ਰੂਪ ਵਿਚ ਅਜੇ ਬੰਗਾ ਦਾ ਸਵਾਗਤ ਹੈ। ਅਸੀਂ ਇਕ ਅਜਿਹੇ ਵਿਸ਼ਵ ਦੇ ਨਿਰਮਾਣ ਲਈ ਪ੍ਰਤੀਬੱਧ ਹਾਂ ਜੋ ਗਰੀਬੀ ਮੁਕਤ ਹੋਵੇ। ਕੌਮਾਂਤਰੀ ਮੁਦਰਾਕੋਸ਼ ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਾਲਿਨਾ ਜਾਰਜਿਵਾ ਨੇ ਟਵੀਟ ’ਚ ਕਿਹਾ ਕਿ ਬੰਗਾ ਨੂੰ ਵਿਸ਼ਵ ਬੈਂਕ ’ਚ ਨਵੀਂ ਭੂਮਿਕਾ ਲਈ ਬਹੁਤ-ਬਹੁਤ ਵਧਾਈਆਂ।