ਭਾਰਤੀ ਹਾਕੀ ਟੀਮ ਨੇ ਓਲੰਪਿਕ ‘ਚ 41 ਸਾਲ ਬਾਅਦ ਜਿੱਤਿਆ ਮੈਡਲ

0
2463

ਨਵੀਂ ਦਿੱਲੀ | ਟੋਕਾਓ ਓਲੰਪਿਕ ‘ਚ ਅੱਜ ਭਾਰਤੀ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਸਿਮਰਨਜੀਤ ਸਿੰਘ ਨੇ 2 ਗੋਲ ਦੀ ਬਦੌਲਤ ਭਾਰਤ ਨੇ ਰੋਮਾਂਚਿਕ ਖੇਡ ਦਾ ਪ੍ਰਦਰਸ਼ਨ ਕਰਦਿਆਂ ਬ੍ਰੋਂਜ਼ ਦੇ ਪਲੇਅ ਆਫ ਮੁਕਾਬਲੇ ‘ਚ ਜਰਮਨੀ ਨੂੰ 5-4 ਨਾਲ ਹਰਾ ਕੇ ਓਲੰਪਿਕ ‘ਚ 41 ਸਾਲ ਬਾਅਦ ਬ੍ਰੋਂਜ਼ ਮੈਡਲ ਜਿੱਤਿਆ।

ਭਾਰਤੀ ਹਾਕੀ ਟੀਮ ਦੀ ਇਸ ਉਪਲਬਧੀ ਤੋਂ ਬਾਅਦ ਦੇਸ਼ ‘ਚ ਜਸ਼ਨ ਦਾ ਮਾਹੌਲ ਹੈ। ਨੇਤਾਵਾਂ ਨੇ ਵੀ ਟਵੀਟ ਕਰਕੇ ਹਾਕੀ ਟੀਮ ਨੂੰ ਵਧਾਈਆਂ ਦਿੱਤੀਆਂ ਹਨ।

ਕੈਪਟਨ ਅਮਰਿੰਦਰ ਨੇ ਦਿੱਤੀ ਵਧਾਈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਦੇਸ਼ ਲਈ ਇਹ ਮਾਣ ਵਾਲੇ ਅਤੇ ਇਤਿਹਾਸਕ ਪਲ ਹਨ। ਓਲੰਪਿਕ ‘ਚ ਜਰਮਨੀ ਨੂੰ ਹਰਾ ਕੇ 41 ਸਾਲ ਬਾਅਦ ਬ੍ਰੋਂਜ਼ ਮੈਡਲ ਜਿੱਤਣਾ ਸੋਨਾ ਜਿੱਤਣ ਦੇ ਬਰਾਬਰ ਹੈ, ਵਧਾਈ ਹੋਵੇ।“

ਕੇਂਦਰੀ ਖੇਡ ਮੰਤਰੀ ਨੇ ਕੀ ਕਿਹਾ?

ਕੇਂਦਰੀ ਖੇਡ ਅਤੇ ਸੂਚਨਾ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, “ਸਾਡੀ ਹਾਕੀ ਟੀਮ ਨੇ ਅੱਜ ਫਿਰ ਤੋਂ ਓਲੰਪਿਕ ਦੇ ਇਤਿਹਾਸ ਦੀਆਂ ਕਿਤਾਬਾਂ ‘ਚ ਆਪਣਾ ਨਾਂ ਦਰਜ ਕਰਵਾਇਆ ਹੈ, ਸਾਨੂੰ ਤੁਹਾਡੇ ‘ਤੇ ਮਾਣ ਹੈ।“

ਦੱਸ ਦੇਈਏ ਕਿ 8 ਵਾਰ ਦੀ ਓਲੰਪਿਕ ਚੈਂਪੀਅਨ ਅਤੇ ਦੁਨੀਆ ਦੀ ਤੀਜੇ ਨੰਬਰ ਦੀ ਭਾਰਤੀ ਟੀਮ ਇਕ ਸਮੇਂ 1-3 ਤੋਂ ਪਿੱਛੜ ਰਹੀ ਸੀ ਪਰ ਦਬਾਅ ਤੋਂ ਉਭਰ ਕੇ 8ਵੇਂ ਮਿੰਟ ‘ਚ 4 ਗੋਲ ਕਰਕੇ ਜਿੱਤ ਦਰਜ ਕਰਨ ‘ਚ ਸਫਲ ਰਹੀ। ਭਾਰਤ ਲਈ ਸਿਮਰਨਜੀਤ ਸਿੰਘ (17ਵੇਂ ਅਤੇ 34ਵੇਂ ਮਿੰਟ) ਨੇ 2, ਜਦਕਿ ਹਾਰਦਿਕ ਸਿੰਘ ਨੇ (27ਵੇਂ ਮਿੰਟ), ਹਰਮਨਪ੍ਰੀਤ ਸਿੰਘ (29ਵੇਂ ਮਿੰਟ) ਤੇ ਰੁਪਿੰਦਰਪਾਲ ਸਿੰਘ ਨੇ 1-1 ਗੋਲ ਕੀਤਾ।