ਭਾਰਤ 3 ਲੱਖ 43 ਹਜ਼ਾਰ ਕੋਰੋਨਾ ਮਰੀਜ਼ਾਂ ਨਾਲ ਚੌਥੇ ਸਥਾਨ ‘ਤੇ ਪਹੁੰਚਿਆ

0
677

ਨਵੀਂ ਦਿੱਲੀ . ਦੇਸ਼ ਵਿੱਚ ਕੋਰੋਨਾ ਮਰੀਜਾਂ ਦਾ ਅੰਕੜਾ 3 ਲੱਖ 43 ਨੂੰ ਪਾਰ ਕਰ ਗਿਆ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 10 ਹਜ਼ਾਰ 667 ਮਾਮਲੇ ਸਾਹਮਣੇ ਆਏ ਹਨ, ਜਦਕਿ 380 ਲੋਕਾਂ ਦੀ ਮੌਤ ਹੋ ਗਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਨਵੇਂ ਮਾਮਲਿਆਂ ਨਾਲ ਮਰੀਜ਼ਾਂ ਦੀ ਗਿਣਤੀ ਵੱਧ ਕੇ 3,43,091 ਹੋ ਗਈ ਹੈ । ਉੱਥੇ ਹੀ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 9900 ਹੋ ਗਈ ਹੈ। ਇਸਦੇ ਨਾਲ ਹੀ ਦੇਸ਼ ਵਿੱਚ ਇਸ ਸਮੇਂ 1,53,178, ਸਰਗਰਮ ਮਾਮਲੇ ਹਨ, ਜਦਕਿ ਇਸ ਮਹਾਂਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1,80,013 ਹੋ ਗਈ ਹੈ ।

ਦਰਅਸਲ, ਦੇਸ਼ ਵਿੱਚ ਮਹਾਰਾਸ਼ਟਰ ਇਸ ਮਹਾਮਾਰੀ ਤੋਂ ਸਭ ਤੋਂ ਵਧੇਰੇ ਪ੍ਰਭਾਵਿਤ ਹੋਇਆ ਹੈ। ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ 2886 ਮਾਮਲੇ ਦਰਜ ਕੀਤੇ ਗਏ ਹਨ ਅਤੇ 178 ਲੋਕਾਂ ਦੀ ਮੌਤ ਹੋਈ ਹੈ । ਇਸ ਦੇ ਨਾਲ ਹੀ ਸੂਬੇ ਵਿਚ ਇਸ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਵੱਧ ਕੇ 1,10,744 ਹੋ ਗਈ ਹੈ, ਜਦਕਿ ਇਸ ਜਾਨਲੇਵਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4128 ਹੋ ਗਈ ਹੈ । ਉੱਥੇ ਹੀ ਸੂਬੇ ਵਿਚ 5071 ਲੋਕ ਠੀਕ ਹੋਏ ਹਨ, ਜਿਸ ਨਾਲ ਸਿਹਤਯਾਬ ਹੋਣ ਵਾਲਿਆਂ ਦੀ ਕੁੱਲ ਗਿਣਤੀ 56,049 ਹੋ ਗਈ ਹੈ।

ਇਸ ਤੋਂ ਇਲਾਵਾ ਦਿੱਲੀ, ਤਾਮਿਲਨਾਡੂ, ਉੱਤਰ ਪ੍ਰਦੇਸ਼,ਗੁਜਰਾਤ ਆਦਿ ਸੂਬਿਆਂ ਵਿੱਚ ਵੀ ਕੋਰੋਨਾ ਲਗਾਤਾਰ ਰਫ਼ਤਾਰ ਫੜ ਰਿਹਾ ਹੈ। ਮਹਾਂਰਾਸ਼ਟਰ ਤੋਂ ਬਾਅਦ ਕੋਰੋਨਾ ਕੇਸਾਂ ਵਿੱਚ  ਤਾਮਿਲਨਾਡੂ ਕੋਰੋਨਾ ਪ੍ਰਭਾਵਿਤ ਸੂਬਿਆਂ ਵਿਚੋਂ ਦੂਜੇ ਨੰਬਰ ‘ਤੇ ਹੈ। ਤਾਮਿਲਨਾਡੂ ਵਿੱਚ ਹੁਣ ਤੱਕ ਕੋਰੋਨਾ ਦੇ 46,504 ਮਾਮਲੇ ਸਾਹਮਣੇ ਆਏ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਵੀ ਬੁਰੀ ਸਥਿਤੀ ਵਿੱਚ ਹੈ। ਕੋਰੋਨਾ ਪ੍ਰਭਾਵਿਤ ਸੂਬਿਆਂ ਵਿਚੋਂ ਦਿੱਲੀ ਤੀਸਰੇ ਸਥਾਨ ‘ਤੇ ਹੈ। ਦਿੱਲੀ ਵਿੱਚ ਕੋਰੋਨਾ ਕੇਸਾਂ ਦੀ ਕੁੱਲ ਗਿਣਤੀ 42,829 ਹੋ ਗਈ ਹੈ। ਕੋਰੋਨਾ ਪ੍ਰਭਾਵਿਤ ਸੂਬਿਆਂ ਵਿਚੋਂ ਗੁਜਰਾਤ ਚੌਥੇ ਨੰਬਰ ‘ਤੇ ਹੈ। ਗੁਜਰਾਤ ਵਿੱਚ ਹੁਣ ਤੱਕ ਕੋਰੋਨਾ ਦੇ 24,104 ਮਾਮਲੇ ਸਾਹਮਣੇ ਆਏ ਹਨ।