ਕਰਜ਼ਾਈ ਦੁਕਾਨਦਾਰ ਨੇ ਪਤਨੀ ਸਮੇਤ ਬੱਚਿਆਂ ਦਾ ਕੀਤਾ ਬੇਰਹਿਮੀ ਨਾਲ ਕਤਲ, ਆਪਣੀ ਵੱਢੀ ਕਲਾਈ

0
591

ਨਵੀਂ ਦਿੱਲੀ | ਇਥੋਂ ਦੇ ਵਿਪਿਨ ਗਾਰਡਨ ਵਿਚ ਰਹਿਣ ਵਾਲੇ ਇਕ ਵਿਅਕਤੀ ਨੇ ਐਤਵਾਰ ਸਵੇਰੇ ਪਤਨੀ ਅਤੇ 2 ਬੱਚਿਆਂ ਦਾ ਕਤਲ ਕਰ ਦਿੱਤਾ। 38 ਸਾਲ ਦਾ ਰਾਜੇਸ਼ ਕਰਜ਼ੇ ਤੋਂ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਉਸ ਨੇ ਪਹਿਲਾਂ 5 ਸਾਲ ਦੇ ਮਾਸੂਮ ਪੁੱਤਰਾਂ ਦਾ ਕਤਲ ਕੀਤਾ। ਬਾਅਦ ਵਿਚ ਪਤਨੀ ਦਾ ਕਤਲ ਕਰ ਦਿੱਤਾ। ਰਾਜੇਸ਼ ਨੇ ਆਪਣੇ ਹੱਥ ਦੀ ਨਾੜ ਵੀ ਕੱਟ ਲਈ। ਇਸ ਦੌਰਾਨ ਉਸ ਦੇ ਦੋਸਤਾਂ ਨੇ ਰਾਜੇਸ਼ ਦੇ ਭਰਾ ਨੂੰ ਸੂਚਨਾ ਦਿੱਤੀ।

ਰਾਜੇਸ਼ ਦੇ ਭਰਾ ਨੇ ਪੁਲਸ ਨੂੰ ਫੋਨ ਕੀਤਾ ਪਰ ਉਦੋਂ ਤੱਕ 3 ਦੀ ਮੌਤ ਹੋ ਚੁੱਕੀ ਸੀ। ਰਾਜੇਸ਼ ਜ਼ਖ਼ਮੀ ਹੋ ਗਿਆ, ਜਿਸ ਨੂੰ ਪੁਲਿਸ ਨੇ ਹਸਪਤਾਲ ਦਾਖ਼ਲ ਕਰਵਾਇਆ। ਜਿਥੇ ਉਸਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਦਵਾਰਕਾ ਪੁਲਸ ਨੇ ਰਾਜੇਸ਼ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਦਿੱਲੀ ਪੁਲਿਸ ਮੁਤਾਬਕ ਐਤਵਾਰ ਸਵੇਰੇ ਰਾਜੇਸ਼ ਨੇ ਆਪਣੇ ਦੋਸਤਾਂ ਨੂੰ ਵਿੱਤੀ ਸੰਕਟ ਬਾਰੇ ਮੈਸੇਜ ਕੀਤਾ ਸੀ। ਕਿਸੇ ਅਣਹੋਣੀ ਦੇ ਡਰੋਂ ਦੋਸਤਾਂ ਨੇ ਇਸ ਬਾਰੇ ਉਸਦੇ ਭਰਾ ਨੂੰ ਦੱਸਿਆ।

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦਰਵਾਜ਼ਾ ਤੋੜਿਆ ਤਾਂ ਕਮਰੇ ‘ਚ ਤਿੰਨ ਲਾਸ਼ਾਂ ਪਈਆਂ ਸਨ। ਰਾਜੇਸ਼ ਆਪਣੇ ਪਰਿਵਾਰ ਅਤੇ ਮਾਤਾ-ਪਿਤਾ ਨਾਲ ਵਿਪਿਨ ਗਾਰਡਨ ‘ਚ ਰਹਿੰਦਾ ਹੈ। ਘਟਨਾ ਸਮੇਂ ਰਾਜੇਸ਼ ਦੇ ਮਾਤਾ-ਪਿਤਾ ਦੂਜੇ ਕਮਰੇ ‘ਚ ਸਨ। ਪੁਲਿਸ ਉਨ੍ਹਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਰਾਜੇਸ਼ ਇਕ ਜਨਰਲ ਸਟੋਰ ਚਲਾਉਂਦਾ ਸੀ। ਪਹਿਲਾਂ ਉਹ ਇਕ ਕੰਪਨੀ ਚਲਾਉਂਦਾ ਸੀ ਜੋ ISO ਸਰਟੀਫਿਕੇਸ਼ਨ ਨਾਲ ਸਬੰਧਤ ਸੀ। ਉਸ ਨੇ ਆਪਣੇ ਦੋਸਤਾਂ ਨੂੰ ਭੇਜੇ ਸੁਨੇਹੇ ਵਿਚ ਬਹੁਤ ਵੱਡਾ ਨੁਕਸਾਨ ਹੋਣ ਬਾਰੇ ਲਿਖਿਆ ਸੀ।